ਕਾਬੁਲ: ਅਫਗਾਨਿਸਤਾਨ ਦੇ ਕਾਬੁਲ ਵਿੱਚ ਤਾਲਿਬਾਨ ਦੇ ਦਾਖਲੇ ਦੇ ਬਾਅਦ ਤੋਂ ਭਗਦੜ ਮਚੀ ਹੋਈ ਹੈ। ਹਜ਼ਾਰਾਂ ਲੋਕ ਦੇਸ਼ ਛੱਡਣ ਲਈ ਕਾਬੁਲ ਹਵਾਈ ਅੱਡੇ 'ਤੇ ਜੰਮ ਗਏ ਹਨ। ਇਸ ਦੌਰਾਨ, ਬ੍ਰਿਟਿਸ਼ ਫੌਜ ਨੇ ਕਿਹਾ ਹੈ ਕਿ ਹਵਾਈ ਅੱਡੇ 'ਤੇ ਭਗਦੜ ਮਚ ਜਾਣ ਕਾਰਨ ਸੱਤ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਜ਼ਮੀਨੀ ਸਥਿਤੀ ਇਸ ਸਮੇਂ ਬਹੁਤ ਚੁਣੌਤੀਪੂਰਨ ਹੈ, ਪਰ ਅਸੀਂ ਸਥਿਤੀ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਕਾਬੁਲ ਹਵਾਈ ਅੱਡੇ 'ਤੇ ਲਗਾਤਾਰ ਭੀੜ ਇਕਠੀ ਹੋਣ ਕਾਰਨ ਹਫਤੇ ਭਰ ਦੌਰਾਨ ਹਫੜਾ -ਦਫੜੀ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਕਈ ਵਾਰ ਗੋਲੀਬਾਰੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।
ਇਸ ਹਫਤੇ ਦੇ ਸ਼ੁਰੂ 'ਚ ਵੀ, ਦੇਸ਼ ਛੱਡਣ ਲਈ ਕਾਬੁਲ ਹਵਾਈ ਅੱਡੇ 'ਤੇ ਭਾਰੀ ਭੀੜ ਸੀ ਅਤੇ ਉਸ ਵੇਲੇ ਵੀ ਭਗਦੜ ਮਚ ਗਈ ਸੀ। ਇਸ ਦੌਰਾਨ ਗੋਲੀਬਾਰੀ ਹੋਈ, ਜਿਸ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਕਿਸ ਦੇ ਵੱਲੋਂ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਕਾਬੁਲ ਹਵਾਈ ਅੱਡੇ 'ਚ ਫਸੇ 168 ਭਾਰਤੀਆਂ ਨੂੰ ਲੈ ਕੇ ਸੀ-17 ਗਲੋਬ ਮਾਸਟਰ ਜਹਾਜ਼ ਭਾਰਤ ਸੁਰੱਖਿਅਤ ਪਹੁੰਚ ਗਿਆ ਹੈ। ਇਹ ਜਹਾਜ਼ ਸਵੇਰੇ ਕਰੀਬ 10 ਵਜੇ ਗਾਜ਼ਿਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ ਹੈ।
ਇਨ੍ਹਾਂ ਯਾਤਰੀਆਂ ਵਿਚ 24 ਅਫ਼ਗਾਨ ਸਿੱਖ ਵੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਦੋ ਅਫ਼ਗਾਨ ਸਿੱਖ ਸੰਸਦ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਅਨਾਰਕਲੀ ਕੌਰ ਹੌਨਰਯਾਰ ਤੇ ਨਰਿੰਦਰ ਸਿੰਘ ਖ਼ਾਲਸਾ ਜਿਕਰਯੋਗ ਹਨ।
ਹਾਸਲ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ 'ਚ ਫਸੇ 87 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਅੱਜ ਸਵੇਰੇ ਦਿੱਲੀ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਦੋਹਾ ਤੇ ਦੂਸਰਾ ਜਹਾਜ਼ ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪਹੁੰਚਿਆ। ਜਾਣਕਾਰੀ ਅਨੁਸਾਰ ਅੱਜ ਰਾਤ ਤੱਕ 300 ਹੋਰ ਭਾਰਤੀਆਂ ਦੀ ਵਤਨ ਵਾਪਸੀ ਹੋ ਜਾਵੇਗੀ।