ਨਵੀਂ ਦਿੱਲੀ: ਕਾਬੁਲ ਹਵਾਈ ਅੱਡੇ 'ਚ ਫਸੇ 168 ਭਾਰਤੀਆਂ ਨੂੰ ਲੈ ਕੇ ਸੀ-17 ਗਲੋਬ ਮਾਸਟਰ ਜਹਾਜ਼ ਭਾਰਤ ਸੁਰੱਖਿਅਤ ਪਹੁੰਚ ਗਿਆ ਹੈ। ਇਹ ਜਹਾਜ਼ ਸਵੇਰੇ ਕਰੀਬ 10 ਵਜੇ ਗਾਜ਼ਿਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ ਹੈ।


ਇਨ੍ਹਾਂ ਯਾਤਰੀਆਂ ਵਿਚ 24 ਅਫ਼ਗਾਨ ਸਿੱਖ ਵੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਦੋ ਅਫ਼ਗਾਨ ਸਿੱਖ ਸੰਸਦ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਅਨਾਰਕਲੀ ਕੌਰ ਹੌਨਰਯਾਰ ਤੇ ਨਰਿੰਦਰ ਸਿੰਘ ਖ਼ਾਲਸਾ ਜਿਕਰਯੋਗ ਹਨ।


ਹਾਸਲ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ 'ਚ ਫਸੇ 87 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਅੱਜ ਸਵੇਰੇ ਦਿੱਲੀ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਦੋਹਾ ਤੇ ਦੂਸਰਾ ਜਹਾਜ਼ ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪਹੁੰਚਿਆ। ਜਾਣਕਾਰੀ ਅਨੁਸਾਰ ਅੱਜ ਰਾਤ ਤੱਕ 300 ਹੋਰ ਭਾਰਤੀਆਂ ਦੀ ਵਤਨ ਵਾਪਸੀ ਹੋ ਜਾਵੇਗੀ।






 


ਦੱਸ ਦਈਏ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਗੜਦੇ ਹਾਲਾਤ ਦਰਮਿਆਨ ਭਾਰਤ ਨੇ ਸ਼ਨੀਵਾਰ ਨੂ ਆਪਣੇ 80 ਤੋਂ ਜ਼ਿਆਦਾ ਨਾਗਰਿਕਾਂ ਨੂੰ ਹਵਾਈ ਫ਼ੌਜ ਦੇ ਮਾਲਵਾਹਕ ਜਹਾਜ਼ ਰਾਹੀਂ ਵਤਨ ਵਾਪਸ ਲਿਆਉਣ ਦਾ ਹੰਭਲਾ ਮਾਰਿਆ ਸੀ। ਫ਼ੌਜੀ ਜਹਾਜ਼ ਭਾਰਤੀਆਂ ਨੂੰ ਲੈ ਕੇ ਤਾਜਿਕਿਸਤਾਨ ਦੇ ਦੁਸ਼ਾਂਬੇ ਪਹੁੰਚਿਆ ਸੀ। ਭਾਰਤ ਪਹਿਲਾਂ ਹੀ 200 ਵਿਅਕਤੀਆਂ ਨੂੰ ਵਤਨ ਵਾਪਸ ਲੈ ਕੇ ਆ ਚੁੱਕਾ ਹੈ। ਇਨ੍ਹਾਂ ’ਚ ਭਾਰਤੀ ਸਫ਼ੀਰ ਤੇ ਕਾਬੁਲ ਸਫ਼ਾਰਤਖਾਨੇ ਦਾ ਅਮਲਾ ਵੀ ਸ਼ਾਮਲ ਹੈ।


ਉਧਰ ਨਾਟੋ ਨੇ ਭਾਰਤ ਨੂੰ ਕਾਬੁਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਰੋਜ਼ਾਨਾ ਦੋ ਉਡਾਣਾਂ ਚਲਾਉਣ ਦੀ ਇਜ਼ਾਜਤ ਦੇ ਦਿੱਤੀ ਹੈ। ਸੋਮਵਾਰ ਨੂੰ ਪਹਿਲੀ ਉਡਾਣ ਦੌਰਾਨ 40 ਭਾਰਤੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਸੀ। ਸੀ-17 ਜਹਾਜ਼ ਰਾਹੀਂ ਦੂਜੀ ਵਾਰ 150 ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਹੋ ਰਹੀ ਹੈ।


ਭਾਰਤੀਆਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਦਾ ਮਿਸ਼ਨ ਅਮਰੀਕਾ ਦੀ ਸਹਾਇਤਾ ਨਾਲ ਸਿਰੇ ਚੜ੍ਹ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੀ ਰਾਜਧਾਨੀ ’ਚੋਂ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ।