ਸਾਊਦੀ ਅਰਬ: ਇੱਥੇ ਵੱਖ-ਵੱਖ ਥਾਵਾਂ 'ਤੇ ਕੋਰੋਨਾਵਾਇਰਸ ਕਾਰਨ 8 ਭਾਰਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ 2 ਇੰਜਨੀਅਰ ਵੀ ਸ਼ਾਮਲ ਹਨ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਇਹ ਰਿਪੋਰਟ 14 ਅਪਰੈਲ ਨੂੰ ਜਾਰੀ ਕੀਤੀ ਸੀ।

51 ਸਾਲਾ ਇੰਜਨੀਅਰ ਮੁਹੰਮਦ ਅਸਲਮ ਖ਼ਾਨ ਮੱਕਾ ਹਰਮ ਦੇ ਬਿਜਲੀ ਘਰ ‘ਚ ਤਾਇਨਾਤ ਸੀ। ਬੁਖਾਰ ਤੇ ਗਲ਼ੇ ਦੇ ਦਰਦ ਤੋਂ ਬਾਅਦ ਉਸ ਨੂੰ 3 ਅਪਰੈਲ ਨੂੰ ਕਿੰਗ ਫੈਸਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਉਸ ਨੂੰ ਲਗਪਗ ਦੋ ਹਫ਼ਤਿਆਂ ਲਈ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਪਤਨੀ, ਬੇਟਾ ਤੇ ਬੇਟੀ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ।

ਦੂਸਰੇ ਇੰਜਨੀਅਰ ਜਿਨ੍ਹਾਂ ਦੀ ਮੌਤ ਕੋਰੋਨਾਵਾਇਰਸ ਕਰਕੇ ਹੋਈ ਹੈ, ਉਹ ਤੇਲੰਗਾਨਾ ਦਾ ਵਸਨੀਕ ਸੀ। ਅਜਮਤਉੱਲਾ ਖ਼ਾਨ ਦੀ ਸ਼ਨੀਵਾਰ ਨੂੰ ਮੌਤ ਹੋਈ, ਪਰ ਕੇਰਲ ਮੁਸਲਿਮ ਕਲਚਰ ਸੈਂਟਰ ਦੇ ਇੱਕ ਅਧਿਕਾਰੀ ਮੁਤਾਬਕ ਉਸ ਦੀ ਦੇਹ ਨੂੰ ਐਤਵਾਰ ਨੂੰ ਮੱਕਾ ‘ਚ ਦਫਨਾਇਆ ਗਿਆ। 65 ਸਾਲਾ ਖ਼ਾਨ 32 ਸਾਲਾਂ ਤੋਂ ਸਾਊਦੀ ਬਿਨ ਲਾਦੇਨ ਸਮੂਹ ‘ਚ ਕੰਮ ਕਰ ਰਿਹਾ ਸੀ।

ਮੱਕਾ ਵਿੱਚ ਸਾਊਦੀ ਅਰਬ ਲਾਦੇਨ ਸਮੂਹ ਦੇ ਹਰਮ ਪ੍ਰੋਜੈਕਟ ਨਾਲ ਜੁੜੇ ਫਖਰੇ ਆਲਮ ਦੀ ਵੀ ਐਤਵਾਰ ਨੂੰ ਸੰਕਰਮਣ ਕਰਕੇ ਮੌਤ ਹੋ ਗਈ। ਬਿਜਲੀ ਤਕਨੀਸ਼ੀਅਨ ਬਰਕਤ ਅਲੀ ਅਬਦੁੱਲ ਲਤੀਫ਼ ਵੀ ਕੋਰੋਨਾਵਾਇਰਸ ਕਾਰਨ ਦੁਨੀਆ ਤੋਂ ਰੁਖਸਤ ਹੋ ਗਿਆ।

ਰਿਪੋਰਟ ਮੁਤਾਬਕ 3 ਅਪਰੈਲ ਨੂੰ ਕੁੰਨੂਰ ਜ਼ਿਲ੍ਹੇ ਦੇ ਸ਼ਬਨਾਜ਼ ਦੀ ਮੌਤ ਹੋ ਗਈ। ਉਸ ਦੀ ਦੇਹ ਨੂੰ 7 ਅਪਰੈਲ ਨੂੰ ਮਦੀਨਾ ‘ਚ ਦਫ਼ਨਾਇਆ ਗਿਆ। ਸ਼ਬਨਾਜ਼ ਜਨਵਰੀ ‘ਚ ਵਿਆਹ ਤੋਂ ਬਾਅਦ 3 ਮਾਰਚ ਨੂੰ ਕੇਰਲਾ ਤੋਂ ਵਾਪਸ ਆਇਆ ਸੀ। ਮਲਾੱਪੁਰਮ ਜ਼ਿਲ੍ਹੇ ਦੇ ਟੈਕਸੀ ਡਰਾਈਵਰ ਸਫਵਾਨ ਦੀ 2 ਅਪਰੈਲ ਨੂੰ ਮੌਤ ਹੋ ਗਈ ਸੀ, ਪਰ 8 ਅਪਰੈਲ ਨੂੰ ਉਸ ਦੀ ਤਦਫੀਨ ਰਿਆਦ ‘ਚ ਕੀਤੀ ਗਈ। ਇਸ ਤੋਂ ਇਲਾਵਾ ਹੈਦਰਾਬਾਦ ਦਾ ਮੁਹੰਮਦ ਸਦੀਕ ਅਤੇ ਮਹਾਰਾਸ਼ਟਰ ਦਾ ਸੁਲੇਮਾਨ ਸਈਦ ਜੁਨੈਦ ਵੀ ਮ੍ਰਿਤਕਾਂ ‘ਚ ਸ਼ਾਮਲ ਸੀ।