ਨਵੀਂ ਦਿੱਲੀ: ਦਿੱਲੀ ਦੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੰਟੇਨਮੈਂਟ ਜ਼ੋਨ ਤੇ ਕੁਆਰੰਟੀਨ ਸੈਂਟਰਾਂ 'ਚ ਤਾਇਨਾਤ ਅਫ਼ਸਰ, ਲੋਕਾਂ ਦੀਆਂ ਅਜੀਬੋਗਰੀਬ ਮੰਗਾਂ ਤੋਂ ਤੰਗ ਆ ਗਏ ਹਨ। ਇਲਾਕੇ ਦੇ ਲੋਕ ਉਨ੍ਹਾਂ ਤੋਂ ਚਿਕਨ ਬਿਰਿਆਨੀ, ਮਟਨ, ਪਿਜ਼ਾ, ਮਠਿਆਈਆਂ ਤੇ ਗਰਮ ਸਮੋਸੇ ਮੰਗ ਰਹੇ ਹਨ।
ਨਰੇਲਾ ਦੇ ਕੁਆਰੰਟੀਨ ਸੈਂਟਰ 'ਚ ਤਾਇਨਾਤ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕਈ ਲੋਕਾਂ ਨੇ ਉਨ੍ਹਾਂ ਤੋਂ ਚਿਕਨ ਬਿਰਿਆਨੀ ਤੇ ਮਟਨ ਦੀ ਮੰਗ ਕੀਤੀ। ਦੱਖਣੀ ਦਿੱਲੀ 'ਚ 9 ਕੰਟੇਨਮੈਂਟ ਜ਼ੋਨ ਹਨ। ਦੂਜੇ ਅਧਿਕਾਰੀ ਨੇ ਦੱਸਿਆ ਕਿ ਇੱਥੇ ਕੁਝ ਲੋਕਾਂ ਨੇ ਉਨ੍ਹਾਂ ਤੋਂ ਪਿਜ਼ਾ, ਗਰਮ ਸਮੋਸਿਆਂ ਦੀ ਮੰਗ ਕੀਤੀ। ਇੰਨਾ ਹੀ ਨਹੀਂ ਅਫ਼ਸਰਾਂ ਮੁਤਾਬਕ ਪੂਰਬੀ ਤੇ ਮੱਧ ਦਿੱਲੀ 'ਚ ਕੰਟੇਨਮੈਂਟ ਜ਼ੋਨ ਦੇ ਕੁਝ ਲੋਕਾਂ ਨੇ ਮਠਿਆਈਆਂ ਦੀ ਮੰਗ ਕੀਤੀ।
ਸੀਨੀਅਰ ਅਫ਼ਸਰ ਨੇ ਕਿਹਾ ਕਿ ਅਸੀਂ ਅਜਿਹੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ। ਜਦ ਕੋਈ ਇਲਾਕਾ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਜਾਂਦਾ ਹੈ ਤਾਂ ਅਜਿਹੇ ਸੰਕਟ 'ਚ ਸਾਡੀ ਡਿਊਟੀ ਸਬਜ਼ੀਆਂ, ਪਾਣੀ ਤੇ ਦੁੱਧ ਜਿਹੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਾਉਣ ਦੀ ਹੈ। ਇਸ ਤਰ੍ਹਾਂ ਦੀਆਂ ਫਾਲਤੂ ਫਰਮਾਇਸ਼ਾਂ ਨੂੰ ਪੁਲਿਸ ਨੇ ਨਜ਼ਰਅੰਦਾਜ਼ ਕਰਨ ਦਾ ਫੈਸਲਾ ਕੀਤਾ ਹੈ।
ਕੰਟੇਨਮੈਂਟ ਜ਼ੋਨ 'ਚ ਕਿਸੇ ਵੀ ਵਿਅਕਤੀ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਜਦੋਂ ਕੋਈ ਇਲਾਕਾ ਕੰਟੇਨਮੈਂਟ ਜ਼ੋਨ 'ਚ ਆਉਂਦਾ ਹੈ ਤਾਂ ਪ੍ਰਸ਼ਾਸਨ ਤੇ ਪੁਲਿਸ ਅਫ਼ਸਰ ਇਕ ਵਟਸਐਪ ਗਰੁੱਪ ਤਿਆਰ ਕਰਦੇ ਹਨ ਜਿੱਥੇ ਲੋਕ ਦੱਸਦੇ ਹਨ ਕਿ ਉਨ੍ਹਾਂ ਨੂੰ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੁੰਦੀ ਹੈ।