ਚੰਡੀਗੜ੍ਹ: ਕੋਰੋਨਾਵਾਇਰਸ ਦੇ ਕਹਿਰ ਦਰਮਿਆਨ ਸੁਖਨਾ ਝੀਲ 'ਤੇ ਟਾਇਲਟ ‘ਚ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੁਖਨਾ ਝੀਲ ਚੌਕੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਵਰਨ ਕੁਮਾਰ 39 ਸਾਲ ਦੱਸੀ ਗਈ ਹੈ। ਪੁਲਿਸ ਨੇ ਸਵਰਨਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਡਾਕਟਰ ਵਲੋਂ ਉਸ ਦਾ ਕੋਰੋਨਾ ਸੈਂਪਲ ਲੈ ਲਿਆ ਗਿਆ ਹੈ। ਜਿਸ ਦੀ ਰਿਪੋਰਟ ਤੋਂ ਬਾਅਦ ਪੁਲਿਸ ਅਗਲੇਰੀ ਕਾਰਵਾਈ ਕਰੇਗੀ।
ਸ਼ੱਕੀ ਹਾਲਾਤਾਂ ‘ਚ ਸਵਰਨ ਦੀ ਮੌਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਸ਼ਾਸਨ ਦੀ ਚਿੰਤਾ ਵੀ ਵੱਧ ਗਈ ਹੈ। ਇੱਥੇ ਸੈਰ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਵਰਨ ਕੁਮਾਰ ਦੀ ਡਿਊਟੀ ਸੁਖਨਾ ਝੀਲ ‘ਤੇ ਟਾਇਲਟ ਨੰਬਰ ਇਕ ‘ਤੇ ਸੀ। ਉਹ ਰਾਤ ਨੂੰ ਪਰਿਵਾਰ ਨਾਲ ਟਾਇਲਟ ਦੇ ਨਾਲ ਵਾਲੇ ਕਮਰੇ ‘ਚ ਰਹਿੰਦਾ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਜਦੋਂ ਉਹ ਖਾਣਾ ਖਾਣ ਤੋਂ ਬਾਅਦ ਸੌਂ ਗਿਆ।
ਉਸ ਦੇ ਸਵੇਰੇ ਨਾ ਉੱਠਣ 'ਤੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਵਰਨ ਕੁਮਾਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਮੁਢਲੇ ਪੱਧਰ 'ਤੇ ਇਹ ਖੁਲਾਸਾ ਹੋਇਆ ਹੈ ਕਿ ਸਵਰਨ ਕੁਮਾਰ ਸ਼ਰਾਬ ਪੀਣ ਦਾ ਆਦੀ ਸੀ।
ਫਿਲਹਾਲ ਉਸ ਦੇ ਸੈਂਪਲ ਸਾਵਧਾਨੀ ਵਜੋਂ ਲਏ ਗਏ ਹਨ, ਜਿਸ ਦੀ ਰਿਪੋਰਟ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ