ਜਲੰਧਰ: ਕਰਜ਼ੇ ਤੋਂ ਪ੍ਰੇਸ਼ਾਨ ਪੰਜਾਬ ਪੁਲਿਸ ਦੇ ਏਐਸਆਈ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਲੰਧਰ ਪੁਲਿਸ ਲਾਈਨ 'ਚ ਏਐਸਆਈ ਨੇ ਕੰਨਪੱਟੀ ਦੇ ਪਿਛਲੇ ਪਾਸੇ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਸਤੌਲ ਦੀ ਸਫਾਈ ਦੌਰਾਨ ਚੱਲੀ ਗੋਲੀ ਨਾਲ ਮੌਤ ਹੋਈ ਹੈ।


ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 40 ਸਾਲਾ ਹੀਰਾ ਲਾਲ ਵਜੋਂ ਹੋਈ ਹੈ ਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।  ਏਐਸਆਈ ਦੀ ਡਿਊਟੀ ਕਿਸਾਨਾਂ ਦੇ ਧਰਨੇ ਵਾਲੀ ਥਾਂ 'ਤੇ ਲੱਗੀ ਸੀ।




ਉਸ ਨੇ ਆਪਣੀ ਸਾਰੀ ਜਾਇਦਾਦ ਪਿੰਡ ਪੰਡੋਰੀ ਵਿੱਚ ਵੇਚਣ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਵਿੱਚ ਕੋਠੀ ਬਣਾ ਲਈ। ਉਸ 'ਤੇ ਕਰਜ਼ਾ ਲੈ ਲਿਆ ਤੇ ਮਹੀਨੇ ਦੀਆਂ ਚਾਲੀ ਹਜ਼ਾਰ ਦੀਆਂ ਕਿਸ਼ਤਾਂ ਦਾ ਭੁਗਤਾਨ ਕਰ ਰਿਹਾ ਸੀ। ਉਸ ਦੀ ਜਿੰਨੀ ਤਨਖਾਹ ਸੀ, ਉਸ ਤੋਂ ਵੱਧ ਦੀਆਂ ਕਿਸ਼ਤਾਂ ਆ ਰਹੀਆਂ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਮ੍ਰਿਤਕ ਹੀਰਾ ਦੇ ਤਿੰਨ ਬੱਚੇ ਹਨ, ਜਿਨ੍ਹਾਂ 'ਚੋਂ ਦੋ ਜੁੜਵਾਂ, 20 ਸਾਲਾ ਸੰਦੀਪ ਤੇ ਨਿਰਮਲ ਕੌਰ ਹਨ ਤੇ ਇੱਕ ਛੋਟੀ ਧੀ ਸੁਨੈਨਾ ਹੈ।




ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਏਸੀਪੀ ਬਲਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਥਾਣਾ ਨਿਊ ਬਾਰਾਦਰੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਵਿੱਚ ਉਸ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਗਿਆ ਹੈ। ਫਿਲਹਾਲ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਪਤਾ ਲੱਗ ਸਕੇਗਾ।