ਚੰਡੀਗੜ੍ਹ: ਭਾਜਪਾ ਦੇ ਗੁੰਡਿਆਂ ਦੇ ਹਮਲਿਆਂ ਤੋਂ ਬਚਾਉਣ ਲਈ ਕੈਪਟਨ ਨੂੰ ਤੁਰੰਤ ਅੰਦੋਲਨਕਾਰੀ ਕਿਸਾਨਾਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦੇਣੀ ਚਾਹੀਦੀ ਹੈ। ਇਹ ਮੰਗ ਆਮ ਆਦਮੀ ਪਾਰਟੀ ਨੇ ਰੱਖੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਅੰਦੋਲਨਕਾਰੀ ਕਿਸਾਨਾਂ ਲਈ ਸੁਰੱਖਿਆ ਦਾ ਪ੍ਰਬੰਧ ਕਰੇ, ਜੋ ਹੁਣ ਮੋਦੀ ਸਰਕਾਰ ਦੀ ਤਾਨਾਸ਼ਾਹੀ ਅਤੇ ਭਾਜਪਾ ਦੇ ਗੁੰਡਿਆਂ ਦਾ ਸਾਹਮਣਾ ਕਰਦੇ ਹੋਏ ਸੜਕ 'ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਭਾਜਪਾ 'ਤੇ ਦੋਸ਼ ਲਗਾਇਆ ਕਿ ਭਾਜਪਾ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਆਪਣੇ ਗੁੰਡਿਆਂ ਵੱਲੋਂ ਲਗਾਤਾਰ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਹਮਲੇ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਬੀਜੇਪੀ ਕਿਸਾਨਾਂ ਉੱਤੇ ਪੱਥਰਬਾਜ਼ੀ ਕਰਵਾ ਰਹੀ ਹੈ ਤਾਂ ਕਿ ਕਿਸਾਨ ਡਰ ਜਾਣ ਅਤੇ ਅੰਦੋਲਨ ਵਾਲੀ ਥਾਂ ਖਾਲੀ ਕਰ ਦੇਣ। ਕੱਲ੍ਹ ਭਾਜਪਾ ਦਾ ਇਕ ਵਿਧਾਇਕ ਕਿਸਾਨਾਂ ਨੂੰ ਧਮਕਾਉਣ ਲਈ ਅੰਦੋਲਨ ਸਥਾਨ 'ਤੇ ਪਹੁੰਚ ਗਿਆ ਅਤੇ ਕਿਸਾਨਾਂ ਨੂੰ ਡਰਾਇਆ ਧਮਕਾਇਆ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀਆਂ ਫੋਟੋ ਤੋਂ ਪਤਾ ਲੱਗਦਾ ਹੈ ਕਿ ਹਮਲਾ ਕਰਨ ਵਾਲਿਆਂ ਵਿੱਚ ਭਾਜਪਾ ਦੇ ਅਹੁੱਦੇਦਾਰ ਆਗੂ ਅਤੇ ਸਰਗਰਮ ਵਰਕਰ ਸਨ। ਹਮਲਾਵਰਾਂ ਵਿੱਚ ਕੁਝ ਅਜਿਹੇ ਲੋਕ ਸ਼ਾਮਲ ਸਨ ਜੋ ਭਾਜਪਾ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਹਨ।
ਚੱਢਾ ਨੇ ਕਿਹਾ ਭਾਜਪਾ ਦੇ ਲੋਕਾਂ ਵੱਲੋਂ ਦੇਸ਼ ਦੇ ਅੰਨਦਾਤਾਵਾਂ 'ਤੇ ਲਗਾਤਾਰ ਕੀਤੇ ਜਾ ਰਹੇ ਹਮਲੇ ਅਤੇ ਜਿਸ ਤਰ੍ਹਾਂ ਇਕ ਸਾਜਿਸ਼ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਜੋ ਮੰਦਭਾਗੀ ਘਟਨਾ ਹੋਈ ਉਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀ ਸਾਜਿਸ਼ ਦਾ ਪਰਦਾਫਾਸ ਕੀਤਾ ਹੈ। ਹੁਣ ਕਿਸਾਨਾਂ ਦੀ ਸੁਰੱਖਿਆ ਦਾ ਖਤਰਾ ਸਪੱਸ਼ਟ ਤੌਰ 'ਤੇ ਝਲਕ ਰਿਹਾ ਹੈ। ਦਿੱਲੀ ਪੁਲਿਸ ਖੁਦ ਹਿੰਸਾ ਭੜਕਾਉਣ ਅਤੇ ਭਾਜਪਾ ਦੇ ਗੁੰਡਿਆਂ ਨੂੰ ਭਾਜਪਾ ਦੇ ਇਸ਼ਾਰੇ ਉੱਤੇ ਸਹਿ ਦੇਣ ਦਾ ਕੰਮ ਕਰ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਸੁਰੱਖਿਆ ਕਰਨ ਲਈ ਪੰਜਾਬ ਪੁਲਿਸ ਨੂੰ ਆਦੇਸ਼ ਦੇਵੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰੇ।