ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਦੀ ਕਟਾਈ ਲਈ ਲੋੜੀਂਦੀਆਂ ਕੰਬਾਈਨਾਂ ਤੇ ਲੇਬਰ ਦੀ ਕਮੀ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗੰਭੀਰਤਾ ਨਾਲ ਚੁੱਕਣ ਦੀ ਅਪੀਲ ਕੀਤੀ। ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਊਨ/ਕਰਫ਼ਿਊ ਕਾਰਨ ਪੰਜਾਬ ਨਾਲ ਸਬੰਧਤ 7000 ਤੋਂ 8000 ਕੰਬਾਈਨਾਂ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਆਦਿ ਸੂਬਿਆਂ 'ਚ ਫਸੀਆਂ ਖੜ੍ਹੀਆਂ ਹਨ, ਉੱਥੇ ਵੱਡੇ ਪੱਧਰ 'ਤੇ ਯੂਪੀ-ਬਿਹਾਰ ਤੋਂ ਆਉਂਦੀ ਲੇਬਰ ਦੀ ਕਮੀ ਵੀ ਚੁਣੌਤੀ ਬਣ ਚੁੱਕੀ ਹੈ।


'ਆਪ' ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਤੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਵੱਡੀ ਗਿਣਤੀ 'ਚ ਉਨ੍ਹਾਂ ਕੰਬਾਈਨ ਮਾਲਕਾਂ ਦੇ ਫ਼ੋਨ ਆ ਰਹੇ ਹਨ, ਜੋ ਹਰ ਸਾਲ ਪੰਜਾਬ ਤੋਂ ਪਹਿਲਾਂ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਕਟਾਈ ਕਰਨ ਲਈ ਕੰਬਾਈਨਾਂ ਲੈ ਕੇ ਜਾਂਦੇ ਹਨ, ਪਰ ਲੌਕਡਾਊਨ ਕਰਕੇ ਦੂਹਰੀ ਮੁਸੀਬਤ 'ਚ ਫਸ ਗਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਸਲਾ ਤੁਰੰਤ ਕੇਂਦਰੀ ਗ੍ਰਹਿ ਮੰਤਰੀ ਅਤੇ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਟਰੱਕਾਂ ਆਦਿ ਨੂੰ ਜ਼ਰੂਰੀ ਵਸਤਾਂ ਦੀ ਢੋ-ਢੁਆਈ ਲਈ ਛੋਟ ਹੈ। ਉਸੇ ਤਰ੍ਹਾਂ ਕੰਬਾਈਨਾਂ ਨੂੰ ਵੀ ਇਕਸਾਰ ਛੋਟ ਦਿੱਤੀ ਜਾਵੇ।