ਚੰਡੀਗੜ: ਆਮ ਆਦਮੀ ਪਾਰਟੀ ਨੇ ਪੰਜਾਬ 'ਚ ਆਪਣੇ ਸੰਗਠਨ ਦਾ ਵਿਸਥਾਰ ਕਰਦਿਆਂ ਅੱਜ ਵੱਡੇ ਪੱਧਰ 'ਤੇ  ਨਿਯੁਕਤੀਆਂ ਕੀਤੀਆਂ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਸੂਬਾ ਖਜਾਨਚੀ ਨੀਨਾ ਮਿੱਤਲ ਅਤੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਸਹੁੰ ਚੁਕਾਈ। ਪਾਰਟੀ ਨੇ ਹੁਣ ਤੱਕ ਸੂਬਾ ਪੱਧਰ 'ਤੇ 22, ਜ਼ਿਲ੍ਹਾ ਪੱਧਰ 'ਤੇ 168, ਬਲਾਕ ਪੱਧਰ 'ਤੇ 468 ਅਤੇ ਸਰਕਲ ਪੱਧਰ ਦੇ 3399 ਅਹੁਦੇਦਾਰਾਂ ਦੀ ਨਿਯੁਕਤੀ ਕਰ ਦਿੱਤੀ ਹੈ।


ਪਾਰਟੀ ਨੂੰ ਪਿੰਡ ਅਤੇ ਮੁਹੱਲੇ ਪੱਧਰ 'ਤੇ ਮਜ਼ਬੂਰ ਕਰਨ ਲਈ ਇਕ ਸਰਕਲ 'ਚ 5 ਪਿੰਡ ਰੱਖੇ ਗਏ ਹਨ, ਉਥੇ ਹੀ ਸ਼ਹਿਰੀ ਇਲਾਕੇ 'ਚ ਹਰ ਵਾਰਡ 'ਤੇ ਇਕ-ਇਕ ਪ੍ਰਭਾਰੀ ਲਗਾਇਆ ਗਿਆ ਹੈ। ਇਸ ਨਾਲ ਪਾਰਟੀ ਨੇ ਸੂਬੇ ਵਿੱਚ ਧਰਾਤਲ ਪੱਧਰ ਦੇ ਢਾਂਚੇ ਨੂੰ ਸੰਪੂਰਨ ਕਰਨ ਵੱਲ ਕਦਮ ਵਧਾਇਆ ਹੈ। ਇਸ ਮੌਕੇ ਨਵੀਆਂ ਜਿੰਮੇਵਾਰੀਆਂ ਪ੍ਰਾਪਤ ਕਰਨ ਵਾਲੇ ਅਹੁਦੇਦਾਰਾਂ ਨੂੰ ਪੰਜਾਬ ਦੀ ਮਿੱਟੀ ਦੀ ਕਸਮ ਚੁਕਾ ਕੇ ਸੂਬੇ ਦੀ ਬਿਹਤਰੀ ਲਈ ਕਾਰਜ ਕਰਨ ਲਈ ਪ੍ਰੇਰਿਤ ਕੀਤਾ।




ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਢਾਂਚਾ ਭੰਗ ਕਰਨ ਤੋਂ ਬਾਅਦ ਪੰਜਾਬ ਦੇ ਸਾਰੇ ਵਰਕਰਾਂ ਅਤੇ ਧਰਾਤਲ ਪੱਧਰ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਕਰਨ ਉਪਰੰਤ ਵੱਖ-ਵੱਖ ਪਹਿਲੂਆਂ 'ਤੇ ਘੋਖ ਕਰਨ ਤੋਂ ਬਾਅਦ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਦੀ ਲੜਾਈ ਲੜਨ ਲਈ ਆਮ ਆਦਮੀ ਪਾਰਟੀ ਹਮੇਸ਼ਾਤਿਆਰ ਰਹੇਗੀ। ਉਨ੍ਹਾਂ ਕਿਹਾ ਕਿ ਨਵੇਂ ਸੰਗਠਨ ਦੇ ਐਲਾਨ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬੱਝ ਗਿਆ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰੇਗੀ ਅਤੇ ਭ੍ਰਿਸ਼ਟਾਚਾਰ ਲਈ ਦੋਸ਼ੀ ਅਕਾਲੀਆਂ ਤੇ ਕਾਂਗਰਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।