ਚੰਡੀਗੜ੍ਹ: ਸੰਤ ਸਮਾਜ ਸੰਘਰਸ਼ ਕਮੇਟੀ ਅਤੇ ਅਨੁਸੂਚਿਤ ਜਾਤੀਆਂ ਦੀਆਂ ਹੋਰ ਜਥੇਬੰਦੀਆਂ ਵੱਲੋਂ 10 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਪੰਜਾਬ ਭਰ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਆਮ ਆਦਮੀ ਪਾਰਟੀ ਵਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਬਾਰੇ ਗੱਲ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਘੋਟਾਲੇ ਬਾਜ਼ੀ, ਦਲਿਤ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ 10 ਦਿਨਾਂ 'ਚ ਘੁਟਾਲੇ ਦਾ ਸਾਰਾ ਪੈਸਾ ਦਲਿਤਾਂ ਨੂੰ ਨਾ ਦਿੱਤਾ ਅਤੇ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਬਰਖ਼ਾਸਤ ਕਰਕੇ ਗ੍ਰਿਫਤਾਰ ਨਾ ਕਰਵਾਇਆ ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ।

ਚੀਮਾ ਨੇ ਕਿਹਾ ਇਸ ਤੋਂ ਜ਼ਿਆਦਾ ਘਿਣਾਉਣਾ ਘੋਟਾਲਾ ਹੋਰ ਕੀ ਹੋ ਸਕਦਾ ਹੈ, ਜੋ ਮੰਤਰੀ ਦਲਿਤ ਵਿਦਿਆਰਥੀਆਂ ਦੇ ਫ਼ੀਸਾਂ ਦੇ ਪੈਸੇ ਤੱਕ ਹੜੱਪ ਕਰ ਜਾਵੇ। ਅਜਿਹੇ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸਤ ਕਰਕੇ ਗ੍ਰਿਫਤਾਰ ਕਰਵਾਉਣਾ ਚਾਹੀਦਾ ਸੀ। ਪਰ ਅਫ਼ਸੋਸ ਕੈਪਟਨ ਦਲਿਤਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਘੋਟਾਲੇ ਬਾਜ਼ੀ ਮੰਤਰੀ ਦੀ ਹਰ ਸੰਭਵ ਮਦਦ ਕਰਕੇ ਉਸ ਨੂੰ ਬਚਾ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਲਿਤ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਸਾਧੂ ਸਿੰਘ, ਧਰਮਸੋਤ ਨੂੰ ਨਾ ਤਾਂ ਮੰਤਰੀ ਮੰਡਲ 'ਚੋਂ ਬਾਹਰ ਕੱਢ ਰਹੇ ਹਨ ਅਤੇ ਨਾ ਹੀ ਇਸ ਪੂਰੇ ਘੋਟਾਲੇ ਦੀ ਜਾਂਚ ਫਿਰ ਤੋਂ ਕਰਵਾ ਰਹੇ ਹਨ। ਇਸ ਦਾ ਸਾਫ਼ ਮਤਲਬ ਹੈ ਕਿ ਵਜ਼ੀਫ਼ਾ ਘੁਟਾਲੇ ਦਾ ਪੈਸਾ ਅਮਰਿੰਦਰ ਸਿੰਘ ਕੋਲ ਵੀ ਪਹੁੰਚਾਇਆ ਗਿਆ ਹੈ। ਚੀਮਾ ਨੇ ਕਿਹਾ ਕਿ ਸ਼ਰਮ ਆਉਂਦੀ ਹੈ ਅਜਿਹੇ ਮੰਤਰੀਆਂ 'ਤੇ ਜਿਹੜਾ ਗ਼ਰੀਬ ਬੱਚਿਆਂ ਦੇ ਪੈਸੇ ਵੀ ਹੜੱਪ ਕਰਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਜੇਕਰ ਕੈਪਟਨ ਅਮਰਿੰਦਰ ਕੋਲ ਥੋੜ੍ਹੀ ਬਹੁਤ ਸ਼ਰਮ ਹੈ ਤਾਂ ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਪੰਜਾਬ 'ਚ ਕਿਸਾਨ ਰਾਜ! ਟੋਲ ਫਰੀ ਕਰਵਾਇਆ ਸਫਰ, ਗੱਡੀਆਂ ਦੀ ਪਰਚੀ ਬੰਦ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਵੀਰਵਾਰ ਨੂੰ ਜਦੋਂ 'ਆਪ' ਦੇ ਵਿਧਾਇਕ 9 ਲੱਖ ਤੋਂ ਜ਼ਿਆਦਾ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਹੋਏ ਘੁਟਾਲੇ ਦੇ ਦੋਸ਼ੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ 'ਕਲੀਨ ਚਿੱਟ' ਦੇਣ ਦਾ ਵਿਰੋਧ ਕਰਦਿਆਂ ਕੈਪਟਨ ਦਾ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਰਸਤੇ 'ਚ ਹਿਰਾਸਤ ਲੈ ਲਿਆ। ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਧਰਮਸੋਤ ਨੂੰ ਬਚਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ