ਨਵੀਂ ਦਿੱਲ਼ੀ: ਕਿਸਾਨ ਅੰਦੋਲਨ ਕਰਕੇ ਅਡਾਨੀ ਗਰੁੱਪ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੰਟਰੈਕਟ ਫ਼ਾਰਮਿੰਗ ਦੇ ਖੇਤਰ ਵਿੱਚ ਨਹੀਂ ਆਏਗੀ। ਕੰਪਨੀ ਨੇ ਕਿਹਾ ਹੈ ਕਿ ਅਡਾਨੀ ਗਰੁੱਪ ਦਾ ਭਵਿੱਖ ’ਚ ਕੰਟਰੈਕਟ ਫ਼ਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ। ਇਸ ਤੋਂ ਪਹਿਲਾਂ ਰਿਲਾਇੰਸ ਨੇ ਵੀ ਸਪਸ਼ਟ ਕੀਤਾ ਸੀ ਕਿ ਉਹ ਕੰਟਰੈਕਟ ਫ਼ਾਰਮਿੰਗ ਨਹੀਂ ਕਰਨਗੇ।


ਅਡਾਨੀ ਐਗਰੀ ਲੌਜਿਸਟਿਕਸ ਵਿਰੁੱਧ ਚੱਲ ਰਹੇ ਮਾੜੇ ਪ੍ਰਚਾਰ ਉੱਤੇ ਪਹਿਲੀ ਵਾਰ ਖੁੱਲ੍ਹ ਕੇ ਆਪਣੀ ਗੱਲ ਰੱਖਦਿਆਂ ਮੀਤ ਪ੍ਰਧਾਨ ਪੁਨੀਤ ਮਹਿੰਦੀਰੱਤਾ ਨੇ ਕਿਹਾ ਕਿ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸਾਨੂੰ ਇਸ ਗੱਲ ਦੀ ਪਹਿਲਾਂ ਤੋਂ ਜਾਣਕਾਰੀ ਸੀ ਕਿ ਸਰਕਾਰ ਖੇਤੀ ਬਿੱਲ ਲਿਆਉਣ ਵਾਲੀ ਹੈ। ਇਸ ਲਈ ਪੰਜਾਬ ਦੇ ਮੋਗਾ ਜ਼ਿਲ੍ਹੇ ’ਚ ਪਹਿਲਾਂ ਤੋਂ ਹੀ ‘ਸਾਇਲੋ’ ਦਾ ਨਿਰਮਾਣ ਕਰ ਲਿਆ ਸੀ; ਜਿਸ ਵਿੱਚ ਅਨਾਜ ਦਾ ਅਤਿ-ਆਧੁਨਿਕ ਤੇ ਵਿਗਿਆਨਕ ਢੰਗ ਨਾਲ ਭੰਡਾਰ ਕੀਤਾ ਜਾਂਦਾ ਹੈ।





ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਿਛਲੇ ਦਿਨਾਂ ਦੌਰਾਨ ਵਾਰ-ਵਾਰ ਜਨਤਾ ਸਾਹਮਣੇ ਸੱਚਾਈ ਰੱਖੀ ਹੈ ਕਿ ਅਡਾਨੀ ਐਗਰੀ ਲੌਜਿਸਟਿਕਸ ਕਿਸਾਨਾਂ ਤੋਂ ਕੋਈ ਅਨਾਜ ਨਹੀਂ ਖ਼ਰੀਦਦੀ। ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਟੋਰੇਜ ਬੁਨਿਆਦੀ ਢਾਂਚੇ ਦੀ ਕਮੀ ਹੈ। ਜਿੱਥੇ ਇੱਕ ਪਾਸੇ ਸਾਡੇ ਦੇਸ਼ ਵਿੱਚ ਗ਼ਰੀਬੀ ਤੇ ਭੁੱਖਮਰੀ ਦੀ ਸਮੱਸਿਆ ਹੈ, ਉੱਥੇ ਦੂਜੇ ਪਾਸੇ ਭੰਡਾਰਣ ਦੀਆਂ ਸਹੂਲਤਾਂ ਨਾ ਹੋਣ ਕਾਰਨ ਬਹੁਤ ਸਾਰਾ ਅਨਾਜ ਖ਼ਰਾਬ ਹੋ ਜਾਂਦਾ ਹੈ ਤੇ ਖਾਣ ਯੋਗ ਨਹੀਂ ਰਹਿੰਦਾ।


ਕੇਂਦਰ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਰਾਹੀਂ ਸਾਲ 2005 ’ਚ ਵੱਖੋ–ਵੱਖਰੇ ਰਾਜਾਂ ਵਿੱਚ ਅਨਾਜ ਸਾਇਲੋਜ਼, ਰੇਲਵੇ ਸਾਈਡਿੰਗ ਤੇ ਬਲਕ ਟ੍ਰੇਨ ਦੇ ਨਿਰਮਾਣ ਲਈ ਗਲੋਬਲ ਟੈਂਡਰ ਵਾਸਤੇ ਨਿਜੀ ਕੰਪਨੀਆਂ ਤੋਂ ਅਰਜ਼ੀਆਂ ਮੰਗਵਾਈਆਂ ਸਨ; ਜਿਨ੍ਹਾਂ ’ਚ ਦੇਸ਼ ਤੇ ਦੁਨੀਆਂ ਦੀਆਂ ਵੱਖੋ-ਵੱਖਰੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਹਿੱਸਾ ਲਿਆ ਸੀ। ਅਡਾਨੀ ਨੇ ਕਿਉਂਕਿ ਸਭ ਤੋਂ ਘੱਟ ਰੇਟ ਕੋਟ ਕੀਤੇ ਸਨ, ਜਿਸ ਕਰਕੇ ਉਸ ਨੂੰ ਪ੍ਰੋਜੈਕਟ ਲਾਉਣ ਦਾ ਮੌਕਾ ਮਿਲਿਆ।


ਉਸ ਤੋਂ ਬਾਅਦ ਹੀ ਸਾਲ 2005 ’ਚ ਅਡਾਨੀ ਐਗਰੀ ਲੌਜਿਸਟਿਕਸ ਦਾ ਜਨਮ ਹੋਇਆ। ਮਹਿੰਦੀਰੱਤਾ ਵੱਲੋਂ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਅਡਾਨੀ ਗਰੁੱਪ ਦਾ ਭਵਿੱਖ ’ਚ ਕੰਟਰੈਕਟ ਫ਼ਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ।