ਨਵੀਂ ਦਿੱਲੀ: ਕਾਬੁਲ ਹਵਾਈ ਅੱਡੇ 'ਚ ਫਸੇ 168 ਭਾਰਤੀਆਂ ਨੂੰ ਲੈ ਕੇ ਸੀ-17 ਗਲੋਬ ਮਾਸਟਰ ਜਹਾਜ਼ ਭਾਰਤ ਸੁਰੱਖਿਅਤ ਪਹੁੰਚ ਗਿਆ ਹੈ। ਤਾਲਿਬਾਨ ਤੋਂ ਬਚਣ ਲਈ ਅੱਜ ਸਵੇਰੇ ਕਾਬੁਲ ਤੋਂ ਭਾਰਤ ਆਏ 168 ਲੋਕਾਂ ਦੇ ਸਮੂਹ ਵਿੱਚ, 24 ਸਿੱਖਾਂ ਵਿੱਚ ਦੋ ਅਫਗਾਨ ਸੈਨੇਟਰ ਵੀ ਸ਼ਾਮਲ ਹਨ। ਉਨ੍ਹਾਂ ਵਿੱਚੋਂ ਇੱਕ ਸੈਨੇਟਰ ਨਰਿੰਦਰ ਸਿੰਘ ਖਾਲਸਾ ਦੀਆਂ ਅੱਖਾਂ ਵਿੱਚ ਹੰਝੂ ਸਨ। ਉਨ੍ਹਾਂ ਭਾਰਤ ਸਰਕਾਰ ਨੂੰ ਭਾਰਤ ਲਿਆਉਣ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਉਹ ਇੱਥੇ ਸੁਰੱਖਿਅਤ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਕਾਬੁਲ ਦੇ ਹਵਾਈ ਅੱਡੇ 'ਤੇ ਪਹੁੰਚਣਾ ਬਹੁਤ ਮੁਸ਼ਕਲ ਸੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਫਗਾਨਿਸਤਾਨ ਦੀ ਸਥਿਤੀ ਕਿਵੇਂ ਹੈ, ਤਾਂ ਉਹ ਰੋ ਪਏ। ਉਨ੍ਹਾਂ ਨੇ ਦਿੱਲੀ ਦੇ ਨੇੜੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ 'ਤੇ ਜਹਾਜ਼ ਤੋਂ ਉਤਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, "ਮੈਨੂੰ ਰੋਣਾ ਆ ਰਿਹਾ ਹੈ ... ਪਿਛਲੇ 20 ਸਾਲਾਂ ਵਿੱਚ ਬਣਿਆ ਸਭ ਕੁਝ ਖਤਮ ਹੋ ਗਿਆ ਹੈ। ਅਫਗਾਨਿਸਤਾਨ ਹੁਣ ਜ਼ੀਰੋ 'ਤੇ ਪਹੁੰਚ ਗਿਆ ਹੈ।"
ਖਾਲਸਾ ਨੇ ਕਿਹਾ, "ਇੱਥੇ 250 ਅਫਗਾਨੀ ਸਿੱਖ ਬਚੇ ਸਨ। ਉਥੋਂ ਦੀ ਹਾਲਤ ਬਹੁਤ ਖਰਾਬ ਹੈ, ਲੋਕ ਘਬਰਾਹਟ ਵਿੱਚ ਹਨ, ਕਿਸੇ 'ਤੇ ਭਰੋਸਾ ਨਹੀਂ ਕਰ ਰਹੇ। ਉੱਥੇ ਕੋਈ ਸਰਕਾਰ ਨਹੀਂ ਹੈ। ਉਹ ਡਰੇ ਹੋਏ ਹਨ।"
ਇਹ ਜਹਾਜ਼ ਸਵੇਰੇ ਕਰੀਬ 10 ਵਜੇ ਗਾਜ਼ਿਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ ਹੈ। ਇਨ੍ਹਾਂ ਯਾਤਰੀਆਂ ਵਿਚ 24 ਅਫ਼ਗਾਨ ਸਿੱਖ ਵੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਦੋ ਅਫ਼ਗਾਨ ਸਿੱਖ ਸੰਸਦ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਅਨਾਰਕਲੀ ਕੌਰ ਹੌਨਰਯਾਰ ਤੇ ਨਰਿੰਦਰ ਸਿੰਘ ਖ਼ਾਲਸਾ ਜਿਕਰਯੋਗ ਹਨ।
ਹਾਸਲ ਜਾਣਕਾਰੀ ਮੁਤਾਬਕ ਅਫ਼ਗਾਨਿਸਤਾਨ 'ਚ ਫਸੇ 87 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਅੱਜ ਸਵੇਰੇ ਦਿੱਲੀ ਪਹੁੰਚੇ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਦੋਹਾ ਤੇ ਦੂਸਰਾ ਜਹਾਜ਼ ਤਜਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਦਿੱਲੀ ਪਹੁੰਚਿਆ। ਜਾਣਕਾਰੀ ਅਨੁਸਾਰ ਅੱਜ ਰਾਤ ਤੱਕ 300 ਹੋਰ ਭਾਰਤੀਆਂ ਦੀ ਵਤਨ ਵਾਪਸੀ ਹੋ ਜਾਵੇਗੀ।