ਮਹਿਤਾਬ-ਉਦ-ਦੀਨ
ਚੰਡੀਗੜ੍ਹ: ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੀ ਅਸ਼ਰਫ਼ ਗ਼ਨੀ ਸਰਕਾਰ ਦਾ ਤਖ਼ਤਾ ਪਲਟ ਕੀਤੇ ਜਾਣ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਹੈ। ਲੋਕ ਤਾਲਿਬਾਨ ਤੋਂ ਡਰਦੇ ਮਾਰੇ ਆਪਣੇ ਘਰ ਛੱਡ-ਛੱਡ ਕੇ ਭੱਜ ਰਹੇ ਹਨ। ਬਹੁਤਿਆਂ ਨੇ ਵਿਦੇਸ਼ਾਂ ’ਚ ਜਾ ਕੇ ਸੈਟਲ ਹੋਣ ਦਾ ਮਨ ਬਣਾ ਲਿਆ ਹੈ।
ਭਾਰਤ ਸਰਕਾਰ ਨੇ ਵੀ ਰੋਜ਼ਾਨਾ ਭਾਰਤੀ ਹਵਾਈ ਫ਼ੌਜ (IAF) ਦੇ ਦੋ ਜਹਾਜ਼ ਕਾਬੁਲ ਭੇਜ ਕੇ ਉੱਥੋਂ ਭਾਰਤੀ ਮੂਲ ਦੇ ਜਾਂ ਹਿੰਦੂਆਂ, ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਨੂੰ ਨਵੀਂ ਦਿੱਲੀ ਲਿਆਂਦਾ ਜਾ ਰਿਹਾ ਹੈ ਪਰ ਹੁਣ ਤਾਜ਼ਾ ਖ਼ਬਰ ਇਹ ਆ ਰਹੀ ਹੈ ਕਿ ਤਾਲਿਬਾਨ ਅਫ਼ਗ਼ਾਨਿਸਤਾਨ ਦੇ ਨਾਗਰਿਕ ਹਿੰਦੂਆਂ ਤੇ ਸਿੱਖਾਂ ਨੂੰ ਭਾਰਤ ਨਹੀਂ ਜਾਣ ਦੇ ਰਹੇ। ਅਜਿਹੀ ਘਟਨਾ ਕੱਲ੍ਹ ਸਨਿੱਚਰਵਾਰ ਨੂੰ ਵਾਪਰੀ।
ਕੱਲ੍ਹ ਅਫ਼ਗ਼ਾਨਿਸਤਾਨ ਦੇ ਦੋ ਸਿੱਖ ਸੰਸਦ ਮੈਂਬਰਾਂ ਨਰਿੰਦਰ ਸਿੰਘ ਖ਼ਾਲਸਾ ਅਤੇ ਅਨਾਰਕਲੀ ਕੌਰ ਔਨਰਯਾਰ ਵੀ ਉਨ੍ਹਾਂ 72 ਸਿੱਖਾਂ ਤੇ ਹਿੰਦੂਆਂ ਵਿੱਚ ਸ਼ਾਮਲ ਸਨ; ਜਿਨ੍ਹਾਂ ਨੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਉੱਤੇ ਚੜ੍ਹਨਾ ਸੀ। ਪਰ ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਸਾਰਿਆਂ ਨੂੰ ਰੋਕ ਲਿਆ ਤੇ ਉਡਾਣ ’ਤੇ ਸਵਾਰ ਨਾ ਹੋਣ ਦਿੱਤਾ। ਤਾਲਿਬਾਨ ਅਧਿਕਾਰੀਆਂ ਨੇ ਆਖਿਆ ਕਿ ਉਹ ਤਾਂ ਅਫ਼ਗ਼ਾਨ ਹਨ, ਇਸ ਲਈ ਉਹ ਭਾਰਤ ਨਹੀਂ ਜਾ ਸਕਦੇ ਤੇ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ’ਚ ਹੀ ਆਪੋ-ਆਪਣੇ ਘਰਾਂ ਨੂੰ ਪਰਤਣਾ ਹੋਵੇਗਾ। ਇਨ੍ਹਾਂ ਸਭਨਾਂ ਕੋਲ ਅਫ਼ਗ਼ਾਨਿਸਤਾਨ ਦੇ ਪਾਸਪੋਰਟ ਸਨ।
ਹੁਣ ਇਹ ਸਾਰੇ 72 ਸਿੱਖ ਅਤੇ ਹਿੰਦੂ ਕਾਬੁਲ ਤੋਂ ਪਰਤ ਕੇ ਦੋਬਾਰਾ ਕਾਬੁਲ ਦੇ ‘ਗੁਰਦੁਆਰਾ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਕਰਤੇ ਪਰਵਾਨ’ ’ਚ ਆ ਗਏ ਹਨ। ਕਾਬੁਲ ਸਥਿਤ ਇੱਕ ਸਿੱਖ ਆਗੂ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਦੋਵੇਂ ਅਫ਼ਗ਼ਾਨ ਸਿੱਖ ਸੰਸਦ ਮੈਂਬਰਾਂ ਨੂੰ ਜਾਨ ਦਾ ਡਾਢਾ ਖ਼ਤਰਾ ਹੈ ਕਿਉਂਕਿ ਉਹ ਗ਼ਨੀ ਸਰਕਾਰ ਦੇ ਹਮਾਇਤੀ ਰਹੇ ਹਨ।
ਸਿੱਖ ਆਗੂਆਂ ਦਾ ਮੰਨਣਾ ਹੈ ਕਿ ਜੇ ਹੁਣ ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਸਮੇਤ ਕਿਸੇ ਹੋਰ ਦੇਸ਼ ਲਿਜਾਣਾ ਹੈ, ਤਾਂ ਤਾਲਿਬਾਨ ਲੀਡਰਸ਼ਿਪ ਨਾਲ ਸਿੱਧੀ ਗੱਲ ਕਰਨੀ ਹੋਵੇਗੀ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਸਿੱਖ ਲੀਡਰਸ਼ਿਪ ਦੀ ਸਲਾਹ ਹੈ ਕਿ ਤਾਲਿਬਾਨ ਲੀਡਰਾਂ ਨੂੰ ਇਹ ਆਖਿਆ ਜਾ ਸਕਦਾ ਹੈ ਕਿ ਸਾਰੇ ਹਿੰਦੂ ਤੇ ਸਿੱਖ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਮੌਕੇ ਭਾਰਤ ਜਾਣਾ ਚਾਹੁੰਦੇ ਹਨ ਜਾਂ ਅਜਿਹੀ ਕੋਈ ਹੋਰ ਦਲੀਲ ਦੇ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ।
ਇਸ ਵੇਲੇ ਕਿਸੇ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ। ਸਭ ਪਾਸੇ ਭਾਜੜਾਂ ਮਚੀਆਂ ਹੋਈਆਂ ਹਨ। ਜਦ ਤੋਂ ਤਾਲਿਬਾਨ ਨੇ ਦੇਸ਼ ਦੀ ਵਾਗਡੋਰ ਸੰਭਾਲੀ ਹੈ, ਤਦ ਤੋਂ ਹੀ 280 ਅਫ਼ਗ਼ਾਨ ਸਿੱਖ ਤੇ 30-40 ਹਿੰਦੂਆਂ ਨੇ ਗੁਰਦੁਆਰਾ ਸਾਹਿਬ ਕਰਤੇ ਪਰਵਾਨ ਵਿਖੇ ਪਨਾਹ ਲਈ ਹੋਈ ਹੈ। ਉਂਝ ਉਨ੍ਹਾਂ ਦੀਆਂ ਦੋ ਮੀਟਿੰਗਾਂ ਤਾਲਿਬਾਨ ਦੇ ਪ੍ਰਤੀਨਿਧਾਂ ਨਾਲ ਹੋ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਹਰ ਵਾਰ ਸ਼ਾਂਤੀ ਤੇ ਸੁਰੱਖਿਆ ਦਾ ਭਰੋਸਾ ਦਿਵਾਇਆ ਗਿਆ ਹੈ।
ਪਿਛਲੇ ਵਰ੍ਹੇ 2020 ’ਚ 25 ਮਾਰਚ ਨੂੰ ਇਸਲਾਮਿਕ ਸਟੇਟ ਦੇ ਬੰਦੂਕਧਾਰੀਆਂ ਨੈ ਕਾਬੁਲ ਦੇ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ’ਚ ਜਾ ਕੇ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ 25 ਸਿੱਖ ਸ਼ਰਧਾਲੂਆਂ ਦੀ ਜਾਨ ਲੈ ਲਈ , ਤਦ ਤੋਂ ਹੀ ਅਫ਼ਗ਼ਾਨ ਸਿੱਖ ਅਤੇ ਹਿੰਦੂ ਭਾਰਤ ਸਰਕਾਰ, ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੂੰ ਇੱਥੋਂ ਕੱਢਣ ਦੀਆਂ ਅਪੀਲਾਂ ਕਰਦੇ ਆ ਰਹੇ ਹਨ।