ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰੇ 'ਤੇ ਹਮਲੇ 'ਚ 27 ਬੇਕਸੂਰ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੇ ਅੰਤਿਮ ਸੰਸਕਾਰ ਵੇਲੇ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਮਾਸੂਮ ਬੱਚੀ ਆਪਣੀ ਮਾਂ ਦੀ ਦੇਹ ਕੋਲ ਬੈਠ ਰੋ ਰਹੀ ਹੈ। ਦਿਲ ਹਲੂਣ ਦੇਣ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਕਾਬੁਲ ਦੇ ਗੁਰਦੁਆਰੇ ‘ਤੇ ਬੁੱਧਵਾਰ ਨੂੰ ਹੋਏ ਅੱਤਵਾਦੀ ਹਮਲੇ ਵਿੱਚ 8 ਔਰਤਾਂ ਸਣੇ 27 ਸਿੱਖ ਮਾਰੇ ਗਏ ਸੀ। ਅੰਤਿਮ ਸੰਸਕਾਰ ਦੌਰਾਨ ਤਾਬੂਤ ‘ਚ ਆਪਣੀ ਮਾਂ ਦੀ ਲਾਸ਼ ਨੂੰ ਵੇਖ ਕੇ ਬੱਚੀ ਹੈਰਾਨ ਹੋ ਗਈ। 'ਹਮਲੇ ‘ਚ ਆਪਣੀ ਮਾਂ ਨੂੰ ਗੁਆਉਣ ਵਾਲੇ ਇੱਕ ਨੌਜਵਾਨ ਨੇ ਕਿਹਾ, ਮੇਰੀ ਮਾਂ ਨੇ ਕਿਹੜਾ ਪਾਪ ਕੀਤਾ? ਇੱਕ ਹੋਰ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਹਮਲਾਵਰਾਂ ਨੂੰ ਕਿਸੇ ‘ਤੇ ਤਰਸ ਨਹੀਂ ਆਇਆ। ਉਨ੍ਹਾਂ ਨੇ ਬੱਚਿਆਂ ਨੂੰ ਵੀ ਨਹੀਂ ਛੱਡਿਆ। ਮੈਂ ਇਸੇ ਤਰ੍ਹਾਂ ਦੇ ਹਮਲੇ ਵਿੱਚ ਆਪਣੇ 7 ਪਰਿਵਾਰਕ ਮੈਂਬਰ ਗੁਆ ਲਏ ਸੀ।

ਸਸਕਾਰ ਵੇਲੇ ਹੋਇਆ ਮੁੜ ਹੋਇਆ ਹਮਲਾ:

ਕਾਬੁਲ ਦੇ ਗੁਰਦੁਆਰੇ 'ਤੇ ਹਮਲੇ ਦੇ 24 ਘੰਟਿਆਂ ਬਾਅਦ ਦੁਬਾਰਾ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਸ਼ਮਸ਼ਾਨ ਘਾਟ ਤੋਂ 50 ਮੀਟਰ ਦੀ ਦੂਰੀ 'ਤੇ ਹੋਇਆ ਸੀ, ਜਿੱਥੇ ਅੱਤਵਾਦੀ ਹਮਲੇ 'ਚ ਮਾਰੇ ਗਏ ਸਿੱਖਾਂ ਦਾ ਬੁੱਧਵਾਰ ਨੂੰ ਸਸਕਾਰ ਕੀਤਾ ਜਾ ਰਿਹਾ ਸੀ। ਵੀਰਵਾਰ ਨੂੰ ਹੋਏ ਦੂਜੇ ਹਮਲੇ ਵਿੱਚ ਇੱਕ ਬੱਚਾ ਜ਼ਖ਼ਮੀ ਹੋ ਗਿਆ।

ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, “ਮੈਂ ਸਸਕਾਰ ਵਾਲੀ ਥਾਂ ਨੇੜੇ ਹੋਏ ਧਮਾਕੇ ਦੀ ਖ਼ਬਰ ਤੋਂ ਚਿੰਤਤ ਹਾਂ। ਸਾਡਾ ਦੂਤਾਵਾਸ ਕਾਬੁਲ ਵਿੱਚ ਸੁਰੱਖਿਆ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ। ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ।