ਚੰਡੀਗੜ੍ਹ: ਖਤਰਨਾਕ ਕੋਰੋਨਾਵਾਇਰਸ ਨਾਲ ਪੂਰੀ ਦੁਨੀਆ ਜੂਝ ਰਹੀ ਹੈ। ਇਸ ਵਾਇਰਸ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ ਪਰ ਸਰਕਾਰ ਦੀ ਸਖਤੀ ਕਰਕੇ ਇਸ ਨੂੰ ਫੈਲਣ ਤੋਂ ਕਾਫੀ ਹੱਦ ਤੱਕ ਰੋਕ ਲਿਆ ਗਿਆ ਹੈ। ਪੰਜਾਬ ਵਿੱਚ ਹੁਣ ਤੱਕ 33 ਕੇਸ ਸਾਹਮਣੇ ਆਏ ਹਨ ਪਰ ਉਨ੍ਹਾਂ ਵਿੱਚ ਜ਼ਿਆਦਾਤਰ ਇੱਕ ਹੀ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਪੀੜਤ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਲੇ ਕੁ ਦਿਨ ਲੋਕ ਇਸੇ ਤਰ੍ਹਾਂ ਘਰਾਂ ਅੰਦਰ ਰਹਿਣ ਤਾਂ ਪੰਜਾਬ ਖਤਰੇ ਵਿੱਚ ਬਾਹਰ ਮੰਨਿਆ ਜਾ ਸਕਦਾ ਹੈ।


ਦਰਅਸਲ ਕੇਂਦਰੀ ਏਜੰਸੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਮਹਾਮਾਰੀ ਨਾਲ ਸਭ ਤੋਂ ਵੱਧ ਅਸਰ ਪੰਜਾਬ ਵਿੱਚ ਹੋ ਸਕਦਾ ਹੈ ਕਿਉਂਕਿ ਪਿਛਲੇ ਮਹੀਨਿਆਂ ਵਿੱਚ ਵੱਡੀ ਗਿਣਤੀ ਐਨਆਰਆਈ ਭਾਰਤ ਭਰਤੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪਰਵਾਸੀ ਭਾਰਤੀਆਂ ਬਾਰ ਸਰਕਾਰ ਕੋਲ ਰਿਕਾਰਡ ਵੀ ਨਹੀਂ ਸੀ। ਇਸ ਲਈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਸਖਤੀ ਵਰਤਣੀ ਸ਼ੁਰੂ ਕੀਤੀ। ਪੰਜਾਬ ਵਿੱਚ ਹੀ ਸਭ ਤੋਂ ਪਹਿਲਾਂ ਕਰਫਿਊ ਲੱਗਾ। ਇਸ ਦੇ ਹੁਣ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਇਸ ਦੇ ਨਾਲ ਹੀ ਦਹਿਸ਼ਤ ਦੇ ਮਾਹੌਲ ਵਿੱਚੋਂ ਚੰਗੀ ਖਬਰ ਆਈ ਹੈ। ਕਰੋਨਾਵਾਇਰਸ ਤੋਂ ਪੀੜਤ ਪੰਜਾਬੀ ਠੀਕ ਹੋ ਗਿਆ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਦੂਜੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਸ ਤਰ੍ਹਾਂ ਉਹ ਵਾਇਰਸ ਤੋਂ ਠੀਕ ਹੋਣ ਵਾਲਾ ਪੰਜਾਬ ਦਾ ਪਹਿਲਾ ਮਰੀਜ਼ ਹੈ। ਪਿੰਡ ਖਨੂਰ ਦਾ ਵਸਨੀਕ ਇਹ 44 ਸਾਲਾ ਵਿਅਕਤੀ 5 ਮਾਰਚ ਨੂੰ ਇਟਲੀ ਤੋਂ ਆਇਆ ਸੀ ਤੇ ਕਰੋਨਾਵਾਇਰਸ ਦੇ ਲੱਛਣ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਾ ਹਸਪਤਾਲ ਪਹੁੰਚਾਇਆ ਗਿਆ ਸੀ। ਇਲਾਜ ਤੋਂ ਬਾਅਦ ਕੀਤੇ ਗਏ ਉਸ ਦੇ ਦੂਜੇ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ।

ਸਰਕਾਰੀ ਸੂਤਰਾਂ ਮੁਤਾਬਕ ਅੱਜ ਤੱਕ ਪੰਜਾਬ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 33 ਹੈ। ਇਨ੍ਹਾਂ ਵਿੱਚੋਂ ਇੱਕ ਮਰੀਜ਼ ਠੀਕ ਹੋ ਗਿਆ ਹੈ। ਉਂਝ 376 ਵਿਅਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਇਹ ਰਿਪੋਰਟ ਹੀ ਤੈਅ ਕਰੇਗੀ ਕਿ ਪੰਜਾਬ ਵਿੱਚ ਹਾਲਾਤ ਕਿੰਨੀ ਕੁ ਗੰਭੀਰ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਪੰਜਾਬ ਵਿੱਚੋਂ 722 ਸੈਂਪਲ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 246 ਨੈਗੇਟਿਵ ਮਿਲੇ ਜਦਕਿ 33 ਵਿਅਕਤੀਆਂ ’ਚ ਕਰੋਨਾਵਾਇਰਸ ਦੇ ਲੱਛਣ ਸਾਹਮਣੇ ਆਏ।