ਚੰਡੀਗੜ੍ਹ: ਪੰਜਾਬ ਵਿੱਚ ਕਰਫਿਊ ਕਾਰਨ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਆ ਰਹੀਆਂ ਹਨ। ਸਭ ਤੋਂ ਵੱਧ ਔਖੇ ਦਿਹਾੜੀਦਾਰ, ਰਿਕਸ਼ਾ ਚਲਾਉਣ ਵਾਲੇ ਤੇ ਰੇਹੜੀ-ਫੜ੍ਹੀ ਲਾਉਣ ਵਾਲੇ ਹਨ। ਉਹ ਰੋਜ਼ਾਨਾ ਕਮਾ ਕੇ ਖਾਂਦੇ ਸੀ ਪਰ ਹੁਣ ਕੰਮ ਰੁਕ ਗਿਆ ਹੈ। ਇਸ ਲਈ ਉਨ੍ਹਾਂ ਕੋਲ ਦੋ ਵੇਲੇ ਦੀ ਰੋਟੀ ਲਈ ਵੀ ਪੈਸੇ ਨਹੀਂ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਅਜੇ ਤੱਕ ਇਸ ਬਾਰੇ ਸੋਚਿਆ ਹੀ ਨਹੀਂ ਸੀ। ਹੁਣ ਮੀਡੀਆ ਵਿੱਚ ਖਬਰਾਂ ਆਉਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ।


ਕੈਪਟਨ ਨੇ ਦਿਹਾੜੀਦਾਰ ਕਾਮਿਆਂ ਤੇ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਸੁੱਕੇ ਰਾਸ਼ਨ ਦੇ 10 ਲੱਖ ਪੈਕੇਟ ਤੁਰੰਤ ਵੰਡਣ ਦਾ ਐਲਾਨ ਕੀਤਾ ਹੈ। ਹਰੇਕ ਪੈਕੇਟ ਵਿੱਚ 10 ਕਿਲੋ ਆਟਾ, ਦੋ ਕਿਲੋ ਦਾਲ ਤੇ ਦੋ ਕਿਲੋ ਖੰਡ ਹੋਵੇਗੀ ਤੇ ਇਹ ਪੈਕੇਟ ਝੁੱਗੀ-ਝੌਂਪੜੀਆਂ ਤੇ ਹੋਰ ਇਲਾਕਿਆਂ ਵਿੱਚ ਵੰਡੇ ਜਾਣਗੇ। ਮੁੱਖ ਮੰਤਰੀ ਨੇ ਇਹ ਪੈਕੇਟ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਵੀ ਰੱਖਣ ਦੇ ਹੁਕਮ ਦਿੱਤੇ ਹਨ ਤਾਂ ਕਿ ਘਰ-ਘਰ ਵੰਡਣ ਮੌਕੇ ਇਹ ਪੈਕੇਟ ਹਾਸਲ ਨਾ ਕਰ ਸਕਣ ਵਾਲੇ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ। ਉਹ ਖੁਰਾਕ ਲਈ ਹੈਲਪਲਾਈਨ ਨੰਬਰ ’ਤੇ ਵੀ ਕਾਲ ਕਰ ਸਕਦੇ ਹਨ।

ਕੈਪਟਨ ਨੇ ਕਿਹਾ ਕਿ ਬਦਕਿਸਮਤੀ ਨਾਲ ਕੇਂਦਰ ਸਰਕਾਰ ਨੇ ਦਿਹਾੜੀਦਾਰਾਂ ਤੇ ਗੈਰ-ਸੰਗਠਤ ਖੇਤਰ ਦੇ ਕਾਮਿਆਂ ਨੂੰ ਫੌਰੀ ਰਾਹਤ ਨਹੀਂ ਦਿੱਤੀ ਜਿਨ੍ਹਾਂ ਨੂੰ ਕਰਫਿਊ/ਤਾਲਾਬੰਦੀ ਤੋਂ ਬਾਅਦ ਉਨ੍ਹਾਂ ਦੇ ਹੀ ਸਹਾਰੇ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਹਰੇਕ ਜ਼ਿਲ੍ਹੇ ਵਿੱਚ ਸਹਾਇਤਾ ਤੇ ਡਲਿਵਰੀ ਸਿਸਟਮ ਨੂੰ ਸੁਚਾਰੂ ਬਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਈ-ਪਾਸ ਦੀ ਸਹੂਲਤ ਇਸ ਦਿਸ਼ਾ ਵਿੱਚ ਅਹਿਮ ਕਦਮ ਹੈ।