ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿਚ ਸ਼ਾਮਲ ਹੋਏ ਮੁਕੁਲ ਰਾਏ ਦੀ ਸੁਰੱਖਿਆ ਵਾਪਸ ਲੈ ਲਈ ਹੈ। ਕੇਂਦਰ ਸਰਕਾਰ ਨੇ ਮੁਕੁਲ ਰਾਏ ਦਾ ਜ਼ੈੱਡ ਸ਼੍ਰੇਣੀ ਦਾ ਸੁਰੱਖਿਆ ਘੇਰਾ ਵਾਪਸ ਲੈ ਲਿਆ ਹੈ। ਉਨ੍ਹਾਂ ਦੀ ਸੁਰੱਖਿਆ ਨੂੰ ਹਟਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਗਈ ਸੀ।

 
ਸਰਕਾਰੀ ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਨੇ ਕੱਲ੍ਹ ਹੀ ਟੀਐਮਸੀ ਆਗੂ ਮੁਕੁਲ ਰਾਏ ਦੀ ਸੁਰੱਖਿਆ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਸਰਕਾਰੀ ਸੂਤਰਾਂ ਅਨੁਸਾਰ ਸੁਰੱਖਿਆ ਵਾਪਸ ਲੈਣ ਦਾ ਹੁਕਮ ਕੱਲ੍ਹ ਜਾਰੀ ਕੀਤਾ ਗਿਆ ਸੀ ਤੇ ਫਿਲਹਾਲ ਸੀਆਰਪੀਐਫ ਸੁਰੱਖਿਆ ਵਾਪਸ ਲੈਣ ਦੀ ਤਿਆਰੀ ਵਿਚ ਹੈ। ਮੁਕੁਲ ਰਾਏ ਦੇ ਬੇਟੇ ਸੁਭਰਾਂਗਸ਼ੂ ਦਾ ਕੇਂਦਰੀ ਸੁਰੱਖਿਆ ਕਵਰ ਪਿਛਲੇ ਸ਼ਨੀਵਾਰ ਨੂੰ ਵਾਪਸ ਲਿਆ ਗਿਆ ਸੀ।

 
ਮੁਕੁਲ ਰਾਏ ਨੇ ਸਨਿੱਚਰਵਾਰ ਨੂੰ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਸੀ ਤੇ ਟੀਐਮਸੀ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਸੀਆਰਪੀਐਫ ਸੁਰੱਖਿਆ ਵਾਪਸ ਲੈਣ ਲਈ ਕਿਹਾ ਸੀ। ਇਸ ਤੋਂ ਬਾਅਦ ਕੱਲ੍ਹ ਗ੍ਰਹਿ ਮੰਤਰਾਲੇ ਨੇ ਉਸ ਦੀ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੂੰ ਪਿਛਲੇ ਸ਼ੁੱਕਰਵਾਰ ਤੋਂ ਬੰਗਾਲ ਸਰਕਾਰ ਨੇ ਵਾਈ ਗਰੇਡ ਸੁਰੱਖਿਆ ਪ੍ਰਦਾਨ ਕੀਤੀ ਸੀ।

 
ਕੇਂਦਰ ਨੇ ਮੁਕੁਲ ਦੇ ਬੇਟੇ ਦੀ ਸੁਰੱਖਿਆ ਵਾਪਸ ਲਈ
ਭਾਜਪਾ ਤੋਂ ਤ੍ਰਿਣਮੂਲ ਜਾਣ ਵਾਲੇ ਮੁਕੁਲ ਰਾਏ ਦੇ ਪੁੱਤਰ ਸ਼ੁਭਰਾਂਗਸੂ ਰਾਏ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ, ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੁਆਰਾ ਮੁਕੁਲ ਰਾਏ ਦੇ ਬੇਟੇ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2017 ਵਿੱਚ ਤ੍ਰਿਣਮੂਲ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਏ ਨੂੰ ਕੇਂਦਰੀ ਸੁਰੱਖਿਆ ਕਵਰ ਦਿੱਤਾ ਗਿਆ ਸੀ।

 

ਮੁਕੁਲ ਰਾਏ ਤ੍ਰਿਣਮੂਲ ਵਿੱਚ ਵੀ ਕੌਮੀ ਮੀਤ ਪ੍ਰਧਾਨ ਬਣ ਸਕਦੇ ਹਨ
ਰਾਜਨੀਤਕ ਵਿਸ਼ਲੇਸ਼ਕ ਮੰਨਦੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਤ੍ਰਿਣਮੂਲ ਕਿਸ ਤਰ੍ਹਾਂ ਦੀ ਰਣਨੀਤੀ ਬਣਾ ਰਿਹਾ ਹੈ; ਇਸ ਵਿੱਚ ਮੁਕੁਲ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਇਸ ਤੋਂ ਪਹਿਲਾਂ ਵੀ ਉਹ ਤ੍ਰਿਣਮੂਲ ਕਾਂਗਰਸ ਵਿਚ ਹੁੰਦਿਆਂ ਦੂਜੇ ਰਾਜਾਂ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਭਾਜਪਾ ਵਿੱਚ ਵੀ ਮੁਕੁਲ ਰਾਏ ਨੂੰ ਕੌਮੀ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।