ਮਹਿਤਾਬ-ਉਦ-ਦੀਨ
ਚੰਡੀਗੜ੍ਹ: ਛੇ ਸਿੱਖ ਚਿਹਰੇ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚ ਕੁਝ ‘ਗਰਮ ਖ਼ਿਆਲੀ’ ਵਿਚਾਰਧਾਰਾ ਨਾਲ ਵੀ ਜੁੜੇ ਰਹੇ ਹਨ। ਇਸ ਲਈ ਸਿਆਸੀ ਹਲਕਿਆਂ ’ਚ ਇਸ ਗੱਲ ’ਤੇ ਕੁਝ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਨੇ ਖ਼ੁਦ ਰਾਸ਼ਟਰਵਾਦੀ ਹੋਣ ਦੇ ਨਾਤੇ ਹੁਣ ਤੱਕ ਪੰਜਾਬ ਦੇ ਗਰਮ ਖ਼ਿਆਲੀ ਆਗੂਆਂ ਦੇ ਵਿਚਾਰ ਕੋਈ ਬਹੁਤੇ ਪਸੰਦ ਨਹੀਂ ਕੀਤੇ।

ਦਰਅਸਲ, 1985-86 ਦੌਰਾਨ ਸਿੱਖ ਜੁਝਾਰੂ ਲਹਿਰ ਦੇ ਮੋਹਰੀ ਆਗੂਆਂ ਵਿੱਚ ਰਹੇ ਹਰਿੰਦਰ ਸਿੰਘ ਕਾਹਲੋਂ ਬੀਤੇ ਬੁੱਧਵਾਰ ਭਾਜਪਾ ’ਚ ਸ਼ਾਮਲ ਹੋ ਗਏ ਹਨ। ਕਾਹਲੋਂ ਤਦ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਨਵੀਨਰ ਰਹੇ ਸਨ। ਇਸ ਵੇਲੇ ਉਹ ਜਲੰਧਰ ’ਚ ਰਹਿ ਰਹੇ ਹਨ। ਕਾਹਲੋਂ ਨਾਲ ਪੰਜ ਹੋਰਨਾਂ ਦਾ ਭਾਜਪਾ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜਿਹੇ ਸੀਨੀਅਰ ਆਗੂਆਂ ਨੇ ਸੁਆਗਤ ਕੀਤਾ। ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਿੱਲਜੁੱਲ ਹੋਣੀ ਸੁਭਾਵਕ ਹੈ।

 

ਪੰਜਾਬ ਦੇ ਹੋਰ ਗਰਮਖ਼ਿਆਲੀ ਆਗੂ ਤਾਂ 1980ਵਿਆਂ ਦੌਰਾਨ ਲੁਕ-ਛਿਪ ਕੇ ਹੀ ਆਪਣੀ ਚਾਲ ਚੱਲਦੇ ਸਨ ਪਰ ਹਰਜਿੰਦਰ ਸਿੰਘ ਕਾਹਲੋਂ ਜੋ ਕੁਝ ਵੀ ਕਰਦੇ ਸਨ, ਸਭ ਦੇ ਸਾਹਮਣੇ ਕਰਦੇ ਰਹੇ ਸਨ। ਉਨ੍ਹਾਂ ਦੇ ਵਿਚਾਰ ਸੁਣ ਕੇ ਹਜ਼ਾਰਾਂ ਸਿੱਖ ਵਿਦਿਆਰਥੀ ਉਨ੍ਹਾਂ ਦੀ ਲਹਿਰ ਨਾਲ ਜੁੜ ਗਏ ਸਨ।

 
26 ਜਨਵਰੀ, 1986 ਨੂੰ ਭਾਰਤ ਦੇ ਗਣਤੰਤਰ ਦਿਵਸ ਮੌਕੇ ਉਨ੍ਹਾਂ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੱਤ ਖ਼ਾਲਸਾ ਦੌਰਾਨ ਜਿਹੜਾ ਭਾਸ਼ਣ ਦਿੱਤਾ ਸੀ, ਉਸ ਲਈ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਵੀ ਦਰਜ ਹੋਇਆ ਸੀ। ਉਨ੍ਹਾਂ ਉੱਤੇ ਹੋਰ ਵੀ ਕਈ ਕੇਸ ਪਏ ਸਨ ਪਰ ਉਹ ਬਾਅਦ ’ਚ ਸਾਰੇ ਕੇਸਾਂ ਵਿੱਚੋਂ ਬਰੀ ਹੋ ਗਏ ਸਨ।

 

ਅਦਾਲਤਾਂ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਕਾਹਲੋਂ ਨੇ ਸਰਕਾਰੀ ਸਕੂਲ ਅਧਿਆਪਕ ਵਜੋਂ ਆਪਣੀ ਨੌਕਰੀ ਮੁੜ ਜੁਆਇਨ ਕਰ ਲਈ ਸੀ। ਉਸ ਨੌਕਰੀ ਤੋਂ ਉਹ 12 ਵਰ੍ਹੇ ਪਹਿਲਾਂ ਸੇਵਾਮੁਕਤ ਹੋਏ ਹਨ। ਉਸ ਤੋਂ ਬਾਅਦ ਉਨ੍ਹਾਂ ਜਲੰਧਰ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਵਕੀਲ ਵਜੋਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ‘ਦ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਅਨੁਸਾਰ ਸੇਵਾਮੁਕਤੀ ਤੋਂ ਬਾਅਦ ਹਰਿੰਦਰ ਸਿੰਘ ਕਾਹਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੀਤ ਪ੍ਰਧਾਨ ਰਹੇ। ਫਿਰ 5 ਜੂਨ, 2019 ਨੂੰ ਉਹ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਇਸੇ ਵਰ੍ਹੇ ਟਕਸਾਲੀ ਦਲ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨਾਲ ਜਾ ਕੇ ਮਿਲ ਗਿਆ ਹੈ।

ਹਰਿੰਦਰ ਸਿੰਘ ਕਾਹਲੋਂ ਤੋਂ ਜਦੋਂ ਪੁੱਛਿਆ ਗਿਆ ਕਿ 1980ਵਿਆਂ ਦੀ ਸਿਆਸਤ ਵਿੱਚ ਉਨ੍ਹਾਂ ਦਾ ਜੋ ਅਕਸ ਰਿਹਾ ਹੈ, ਹੁਣ ਉਹ ਉਸ ਤੋਂ ਬਿਲਕੁਲ ਉਲਟ ਚੱਲਦਿਆਂ ਭਾਜਪਾ ਵਿੱਚ ਕਿਉਂ ਸ਼ਾਮਲ ਹੋ ਗਏ ਹਨ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਸ ਵੇਲੇ ਮੈਂ ਕੌਮ ਲਈ ਕੰਮ ਕਰ ਰਿਹਾ ਸਾਂ ਤੇ ਹੁਣ ਵੀ ਮੈਂ ਉਸੇ ਮੰਤਵ ਲਈ ਭਾਜਪਾ ’ਚ ਸ਼ਾਮਲ ਹੋਇਆ ਹਾਂ। ਮੈਂ ਸੱਤਾਧਾਰੀ ਪਾਰਟੀ ਤੋਂ ਕੋਈ ਲੈਣਾ-ਦੇਣਾ ਨਹੀਂ। ਮੈਂ ਤਾਂ ਕਿਸਾਨ ਅੰਦੋਲਨ ਤੇ ਅਜਿਹੇ ਹੋਰ ਮਾਮਲਿਆਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਕਿਸਾਨਾਂ ਤੇ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਨਾਲ ਵਧੇਰੇ ਨੁਕਸਾਨ ਹੋਵੇਗਾ ਤੇ ਸਾਨੂੰ ਕੋਈ ਨਾ ਕੋਈ ਹੱਲ ਲੱਭਣ ਦੀ ਜ਼ਰੂਰਤ ਹੈ।

 

ਜਦੋਂ ਇਹ ਪੁੱਛਿਆ ਗਿਆ ਕਿ ਭਾਜਪਾ ਤਾਂ ਸਦਾ ਗਰਮ-ਖ਼ਿਆਲੀ ਸਿੱਖ ਆਗੂਆਂ ਤੇ ਸਿੱਖ ਹਿਤਾਂ ਦੇ ਵਿਰੁੱਧ ਰਹੀ ਹੈ, ਫਿਰ ਉਸ ਵਿੱਚ ਸ਼ਾਮਲ ਹੋਣ ਦਾ ਵਿਚਾਰ ਕਿਵੇਂ ਆਇਆ, ਤਾਂ ਹਰਿੰਦਰ ਸਿੰਘ ਕਾਹਲੋਂ ਹੁਰਾਂ ਦਲੀਲ ਦਿੱਤੀ ਕਿ ਜੇ ਅਜਿਹਾ ਹੁੰਦਾ, ਤਾਂ ਉਹ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਿਉਂ ਕਰਦੇ ਤੇ ਸਿੱਖ ਕਤਲੇਆਮ ਦੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਦਿਵਾਉਂਦੇ? ਜੇ ਅਸੀਂ ਇੱਕ ਸਮੇਂ ਇਹ ਮੰਨ ਵੀ ਲਈਏ ਕਿ ਭਾਜਪਾ ਸਿੱਖ ਹਿੱਤਾਂ ਦੇ ਉਲਟ ਹੈ, ਤਾਂ ਸਾਨੂੰ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕਰਨਾ ਚਾਹੀਦਾ ਹੈ, ਜਿਨ੍ਹਾਂ ਆਪਣੇ ਮੁੱਖ ਵਿਰੋਧੀ ਮੁਗ਼ਲ ਬਾਦਸ਼ਾਹ ਲਈ ਵੀ ਕਦੇ ਆਪਣੇ ਦਰ ਬੰਦ ਨਹੀਂ ਸੀ ਕੀਤੇ।