ਰੁਦਰਪੁਰ: ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਮਗਰੋਂ ਉੱਤਰਾਖੰਡ ਵਿੱਚ ਵੀ ਬੀਜੇਪੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੀ ਹਮਾਇਤ ਵਿੱਚ ਉੱਤਰਾਖੰਡ ਦੇ ਕਿਸਾਨਾਂ ਨੂੰ ਵੀ ਬੀਜੇਪੀ ਲੀਡਰਾਂ ਦੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਸੱਦਾ ਸੋਮਵਾਰ ਨੂੰ ਉੱਤਰਾਖੰਡ ਦੇ ਜ਼ਿਲ੍ਹੇ ਸ਼ਹੀਦ ਊਧਮ ਸਿੰਘ ਨਗਰ (ਰੁਦਰਪੁਰ) ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਦਿੱਤਾ ਗਿਆ।

 

ਇਸ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਫਸਲਾਂ ਨਾ ਨਸ਼ਟ ਕਰਨ ਤੇ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਵਿੱਚ ਹੋਰ ਕਾਰਪੋਰੇਟਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਸੁਨੇਹਾ ਦਿੱਤਾ ਕਿ ਕਿਸਾਨ ਸੰਘਰਸ਼ ਕਿਸੇ ਇਕ ਰਾਜ ਤੱਕ ਸੀਮਤ ਨਹੀਂ ਸਗੋਂ ਉੱਤਰ ਤੋਂ ਦੱਖਣ ਤੱਕ ਫੈਲਿਆ ਹੋਇਆ ਹੈ।

 

ਇਸ ਮੌਕੇ ਕਿਸਾਨ ਲੀਡਰ ਤੇਜਿੰਦਰ ਸਿੰਘ ਵਿਰਕ ਨੇ ਕਿਸਾਨਾਂ ਨੂੰ ਗਾਜ਼ੀਪੁਰ ਮੋਰਚਾ ਹੋਰ ਮਜ਼ਬੂਤ ਕਰਨ ਲਈ ਹਰ ਘਰੋਂ ਇੱਕ-ਇੱਕ ਜੀਅ ਦਿੱਲੀ ਭੇਜਣ ਦਾ ਹੋਕਾ ਦਿੱਤਾ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸੱਦਾ ਦਿੱਤਾ ਕਿ ਅੰਬਾਨੀ ਅਡਾਨੀ ਦੇ ਨਾਲ-ਨਾਲ ਹੁਣ ਬਾਬਾ ਰਾਮਦੇਵ ਦੇ ਉਤਪਾਦਾਂ ਦਾ ਬਾਈਕਾਟ ਵੀ ਸ਼ੁਰੂ ਕੀਤਾ ਜਾਵੇ। ਉਨ੍ਹਾਂ ਉੱਤਰਾਖੰਡ ਦੇ ਕਿਸਾਨਾਂ ਨੂੰ ਵੀ ਭਾਜਪਾ ਆਗੂਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।

 

ਡਾ. ਦਰਸ਼ਨਪਾਲ ਨੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਦਿੱਲੀ ਧਰਨਿਆਂ ਵਿੱਚ ਸ਼ਮੂਲੀਅਤ ਵਧਾਉਣ ਦਾ ਹੋਕਾ ਦਿੱਤਾ। ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਦਾ ਨੁਕਸਾਨ ਨਾ ਕਰਨ ਕਿਉਂਕਿ ਉਹ ਫਸਲਾਂ ਪੁੱਤਾਂ ਵਾਂਗ ਮਿਹਨਤ ਨਾਲ ਪਾਲਦਾ ਹੈ। ਟਿਕੈਤ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।