ਨਵੀਂ ਦਿੱਲੀ: ਪੰਜਾਬ ਵਿੱਚ ਕੋਰੋਨਾ ਦੇ ਤਾਜ਼ਾ ਹਮਲੇ ਮਗਰੋਂ ਕੇਂਦਰ ਸਰਕਾਰ ਦੀ ਟੀਮ ਨੇ ਮੋਰਚਾ ਸੰਭਾਲ ਲਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ’ਚ ਉੱਚ ਪੱਧਰੀ ਬਹੁ-ਅਨੁਸ਼ਾਸਨੀ ਜਨਤਕ ਸਿਹਤ ਟੀਮ ਭੇਜੀ ਹੈ। ਇਹ ਟੀਮ ਪੰਜਾਬ ਦੇ ਸਿਹਤ ਮਹਿਕਮੇ ਨਾਲ ਮਿਲ ਕੇ ਕੰਮ ਕਰੇਗੀ।
 
ਪੰਜਾਬ ਵਿਚਲੀ ਟੀਮ ਦੀ ਅਗਵਾਈ ਕੌਮੀ ਰੋਗ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਡਾਇਰੈਕਟਰ ਐਸਕੇ ਸਿੰਘ ਕਰਨਗੇ। ਟੀਮ ਪੜਤਾਲ ਤੇ ਕਰੋਨਾ ਦੀ ਰੋਕਥਾਮ ਲਈ ਸਬੰਧਤ ਸੂਬਾ ਸਿਹਤ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਮੁੱਖ ਸਕੱਤਰ ਤੇ ਸਕੱਤਰ (ਸਿਹਤ) ਨੂੰ ਵੀ ਦੇਵੇਗੀ।
 
ਕੇਂਦਰੀ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਸਬੰਧੀ ਨਿਗਰਾਨੀ, ਕੰਟਰੋਲ ਤੇ ਰੋਕਥਾਮ ਦੇ ਹੋਰ ਉਪਾਅ ਕਰਨ ਵਾਸਤੇ ਇਹ ਟੀਮ ਸੂਬਾਈ ਸਿਹਤ ਵਿਭਾਗ ਦੀ ਮਦਦ ਲਈ ਤਾਇਨਾਤ ਕੀਤੀ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਇਹ ਟੀਮ ਸਭ ਤੋਂ ਵੱਧ ਕਰੋਨਾ ਕੇਸਾਂ ਵਾਲੇ (ਹੌਟਸਪੌਟ) ਖੇਤਰਾਂ ਦਾ ਦੌਰਾ ਕਰਕੇ ਕੇਸ ਵਧਣ ਦੇ ਕਾਰਨਾਂ ਦਾ ਪਤਾ ਲਾਏਗੀ।