ਚੰਡੀਗੜ੍ਹ: ਪੁਸ਼ਕਰ ‘ਚ ਚੱਲ ਰਹੇ ਪਸ਼ੂ ਮੇਲੇ ‘ਚ ਇਸ ਵਾਰ ਇੱਕ ਝੋਟੇ ਦੀ ਕੀਮਤ 21 ਕਰੋੜ ਰੁਪਏ ਤੱਕ ਲੱਗ ਗਈ ਹੈ। ਇੱਕ ਵਿਦੇਸ਼ੀ ਖ਼ਰੀਦਦਾਰ ਨੇ ਸੁਲਤਾਨ ਨਾਂ ਦੇ ਝੋਟੇ ਦੀ ਕੀਮਤ ਲਾਈ ਹੈ। ਸੁਲਤਾਨ ਨਾਂ ਦਾ ਇਹ ਝੋਟਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਆਇਆ ਹੈ।

ਇਸ ਝੋਟੇ ਦੇ ਮਾਲਕ ਰਾਮ ਨਰੇਸ਼ ਬੈਨੀਵਾਲ ਦਾ ਦਾਅਵਾ ਹੈ ਕਿ ਮੁਰ੍ਹਾ ਨਸਲ ਦਾ ਸੁਲਤਾਨ ਦੁਨੀਆ ਦਾ ਸਭ ਤੋਂ ਲੰਬਾ (6 ਫੁੱਟ ਤੋਂ ਵੱਧ) ਤੇ ਉੱਚਾ ਝੋਟਾ ਹੈ। ਝੋਟੇ ਸੁਲਤਾਨ ਦਾ ਭਾਰ 1700 ਕਿੱਲੋ ਤੇ ਉਮਰ ਸਾਢੇ ਛੇ ਸਾਲ ਹੈ। ਇਹ ਝੋਟਾ ਪੁਸ਼ਕਰ ਮੇਲੇ ‘ਚ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਮੇਲੇ ‘ਚ ਆਉਣ ਵਾਲੇ ਇਸ ਨਾਲ ਸੈਲਫੀ ਲੈਂਦੇ ਨਜ਼ਰ ਆਏ।

ਮਹੀਨੇ 'ਚ 4 ਲੱਖ ਕਮਾਉਂਦਾ ਸੁਲਤਾਨ-

ਕੈਥਲ ਜ਼ਿਲ੍ਹੇ ਦੇ ਬੁੱਢਾ ਖੇੜਾ ਪਿੰਡ ਦਾ ਮੁਰਾ ਨਸਲ ਦਾ ਝੋਟਾ ਸੁਲਤਾਨ ਮਹੀਨੇ ਦੇ 3 ਲੱਖ 75 ਹਜ਼ਾਰ ਰੁਪਏ ਕਮਾਉਂਦਾ ਹੈ। ਸੁਲਤਾਨ ਦੇ ਮਾਲਕ ਨਰੇਸ਼ ਬੈਨੀਵਾਲ ਨੇ ਦੱਸਿਆ ਕਿ ਉਹ 300 ਰੁਪਏ ਦੇ ਹਿਸਾਬ ਨਾਲ ਹਰ ਮਹੀਨੇ 1300 ਡੋਜ਼ ਸੀਮਨ ਵੇਚਦੇ ਹੈ। ਸੀਮਨ ਵੇਚਣ ਨਾਲ ਉਨ੍ਹਾਂ ਦੀ ਸਾਲਾਨਾ ਕਮਾਈ 45 ਲੱਖ ਰੁਪਏ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਝੋਟੇ ਨੂੰ ਉਹ ਪੈਸੇ ਲਈ ਨਹੀਂ ਰੱਖ ਰਹੇ, ਸਗੋਂ ਸ਼ੌਕ ਲਈ ਰੱਖ ਰਹੇ ਹਨ।
ਸੁਲਤਾਨ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਦੀ ਤਰ੍ਹਾਂ ਹੈ। ਉਸ ਦੀ ਦੇਖਭਾਲ ਉਹ ਬੜੇ ਧਿਆਨ ਨਾਲ ਕਰਦੇ ਹਨ। ਦੂਰ-ਦਰਾਜ ਦੇ ਲੋਕ ਸੁਲਤਾਨ ਨੂੰ ਦੇਖਣ ਆਉਂਦੇ ਹਨ। ਆਸਪਾਸ ਦੇ ਇਲਾਕੇ ਵਿੱਚ ਸੁਲਤਾਨ ਬਹੁਤ ਫੇਮਸ ਹੈ।



2 ਲੱਖ 40 ਹਜ਼ਾਰ 'ਚ ਖ਼ਰੀਦਿਆ ਸੀ ਸੁਲਤਾਨ-

ਨਰੇਸ਼ ਦੱਸਦੇ ਹਨ ਕਿ ਉਨ੍ਹਾਂ ਨੇ ਸੁਲਤਾਨ ਨੂੰ ਪੰਜ ਸਾਲ ਪਹਿਲਾਂ ਰੋਹਤਕ ਤੋਂ 2 ਲੱਖ 40 ਹਜ਼ਾਰ ਰੁਪਏ ਵਿੱਚ ਖ਼ਰੀਦਿਆ ਸੀ। ਸੁਲਤਾਨ ਤੋਂ ਹਫ਼ਤੇ ਵਿੱਚ ਦੋ ਵਾਰ ਸੀਮਨ ਲਿਆ ਜਾਂਦਾ ਹੈ। ਆਂਧਰ ਪ੍ਰਦੇਸ਼ ਵਿੱਚ ਹੋਏ ਪਸ਼ੂ ਮੁਕਾਬਲੇ ਵਿੱਚ ਸੁਲਤਾਨ ਦੀ ਕੀਮਤ 10 ਕਰੋੜ ਰੁਪਏ ਲੱਗੀ ਸੀ।

1300 ਰੁਪਏ ਖ਼ੁਰਾਕ ਦਾ ਖ਼ਰਚ-

ਸੁਲਤਾਨ ਨੂੰ ਦਿਨ ਵਿੱਚ 10 ਕਿੱਲੋ ਦਾਣਾ, 10 ਕਿੱਲੋ ਦੁੱਧ ਦਿੱਤਾ ਜਾਂਦਾ ਹੈ। ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਦੇ ਇਲਾਵਾ ਸੁਲਤਾਨ ਨੂੰ 30 ਤੋਂ 35 ਕਿੱਲੋ ਗ੍ਰਾਮ ਹਰਾ ਸੁੱਕਾ ਚਾਰਾ ਦਿੱਤਾ ਜਾਂਦਾ ਹੈ। ਖ਼ੁਰਾਕ ਉੱਤੇ ਰੋਜ਼ ਦਾ ਖ਼ਰਚ 1300 ਰੁਪਏ ਹੈ। ਨਰੇਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਸੁਲਤਾਨ ਦੀ ਡਾਈਟ ਵਿੱਚ ਸੇਬ ਤੇ ਗਾਜ਼ਰ ਵੀ ਸ਼ਾਮਲ ਹਨ। ਸਰਦੀਆਂ ਵਿੱਚ 15 ਕਿੱਲੋ ਸੇਬ ਤੇ ਗਰਮੀ ਵਿੱਚ 20 ਕਿੱਲੋ ਗਾਜਰ ਖੁਆਈ ਜਾਂਦੀ ਹੈ।
ਸੁਲਤਾਨ ਨੇ ਜਿੱਤੇ ਕਈ ਮੁਕਾਬਲੇ-

-2013 ਵਿੱਚ ਮਵੇਸ਼ੀ ਮੇਲੇ ਵਿੱਚ ਮੁਕਤਸਰ ਪੰਜਾਬ ਵਿੱਚ ਤੀਜਾ ਸਥਾਨ।

-2013 ਫਰਵਰੀ ਵਿੱਚ ਹੋਏ ਕਰਨਾਲ ਮਵੇਸ਼ੀ ਮੇਲੇ ਵਿੱਚ ਪਹਿਲੇ ਸਥਾਨ ਉੱਤੇ ਇਨਾਮ ਵਿੱਚ 25 ਹਜ਼ਾਰ ਰੁਪਏ ਜਿੱਤੇ।

-2013 ਵਿੱਚ ਝੱਜਰ ਦੇ ਮਵੇਸ਼ੀ ਮੇਲੇ ਵਿੱਚ ਪਹਿਲੇ ਸਥਾਨ ਉੱਤੇ ਇੱਕ ਲੱਖ 26 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ।

-2014 ਮੁਕਤਸਰ ਦੇ ਮਵੇਸ਼ੀ ਮੇਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਤੇ ਇਨਾਮ ਵਿੱਚ 31 ਹਜ਼ਾਰ ਰੁਪਏ ਜਿੱਤੇ।

-2014 ਵਿੱਚ ਹੈਦਰਾਬਾਦ ਪਸ਼ੂ ਮੇਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

-2015 ਐਨ.ਡੀ.ਆਰ.ਆਈ. ਵਿੱਚ ਦੂਜਾ ਸਥਾਨ ਹਾਸਲ ਕੀਤਾ।