ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਤੇ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਹਰਿਆਣਾ ਨੂੰ ਪੰਜਾਬ ਦੇ ਪਾਣੀਆਂ ਵਿੱਚੋਂ ਬਣਦਾ ਹਿੱਸਾ ਦੇਣ ਦੀ ਪੈਰਵੀ ਕੀਤੀ। ਪੰਜਾਬੀ ਟ੍ਰਿਬਿਊਨ ਦੇ ਖ਼ਬਰ ਮਤਾਬਿਕ ਉਨ੍ਹਾਂ ਨੇ ਹਰਿਆਣਾ ਨੂੰ ਪੰਜਾਬ ਛੋਟਾ ਭਰਾ ਹੋਣ ਦੇ ਨਾਤੇ ਪਾਣੀਆਂ ਵਿੱਚੋਂ ਅਨੁਪਾਤ 60-40 ਦੇ ਹਿਸਾਬ ਨਾਲ ਦੇਣ ਦੀ ਹਾਮੀ ਭਰਣ ਦੇ ਨਾਲ ਸਬੰਧਤ ਸਾਰੇ ਮਸਲੇ ਮਿਲ ਬੈਠ ਕੇ ਨਿਬੇੜਨ ਦੀ ਵਕਾਲਤ ਕੀਤੀ ਹੈ।


ਲੱਖੋਵਾਲ ਜਗਰਾਉਂ ਦੀ ਨਵੀਂ ਦਾਣਾ ਮੰਡੀ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਨਵੀਂ ਬਣਾਈ ਕਿਸਾਨ ਲਾਇਬ੍ਰੇਰੀ ਦਾ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ। ਲੱਖੋਵਾਲ ਨੇ ਕਿਹਾ ਕਿ ਜਦੋਂ ਪਰਿਵਾਰ ਵਿੱਚ ਦੋ ਭਰਾਵਾਂ ਦਾ ਝਗੜਾ ਹੋ ਜਾਂਦਾ ਹੈ ਤਾਂ ਵੱਖ ਹੋਏ ਭਰਾ ਦਾ ਹੱਕ ਮਾਰਿਆ ਨਹੀਂ ਜਾਂਦਾ ਸਗੋਂ ਬਣਦਾ ਹੱਕ ਦਿੱਤਾ ਜਾਂਦਾ ਹੈ।

ਇਸ ਲਈ ਕਿਸੇ ਲੜਾਈ-ਝਗੜੇ ਦੀ ਲੋੜ ਨਹੀਂ ਸਗੋਂ ਸਾਰਾ ਕੁਝ ਆਪਸੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਪਾਣੀ ਦੇ ਮੁੱਦੇ ’ਤੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ।

ਰਾਜ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਦੀ ਮੰਗ ਇੱਕ ਹੈ ਪਰ ਰਾਹ ਅਲੱਗ-ਅਲੱਗ ਹਨ। ਇਸ ਲਈ ਇਨ੍ਹਾਂ ਨੂੰ ਘੱਟੋ-ਘੱਟ ਇਸ ਮੁੱਦੇ ’ਤੇ ਇੱਕ ਪਲੇਟਫਾਰਮ ’ਤੇ ਇਕੱਠੇ ਹੋਣਾ ਚਾਹੀਦਾ ਹੈ। ਲੱਖੋਵਾਲ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਦੀ 24 ਨਵੰਬਰ ਨੂੰ ਦਿੱਲੀ ਵਿੱਚ ਦੇਸ਼ ਪੱਧਰੀ ਮੀਟਿੰਗ ਵਿੱਚ ਵੀ ਪਾਣੀਆਂ ਦਾ ਮੁੱਦਾ ਵਿਚਾਰਿਆ ਜਾਵੇਗਾ।