ਚੰਡੀਗੜ੍ਹ : ਪੈਨਸ਼ਨਰਜ਼ ਐਸੋਸੀਏਸ਼ਨ ਆਫ ਕੋ-ਆਪ੍ਰੇਟਿਵ ਐਗਰੀਕਲਚਰਲ ਡਿਵੈਲਪਮੈਂਟ ਬੈਂਕ ਆਫ ਪੰਜਾਬ ਦੀ ਐਕਸ਼ਨ ਕਮੇਟੀ ਦੇ ਹਰਜੀਤ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗਠਜੋੜ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਇਨ੍ਹਾਂ ਪਾਰਟੀਆਂ ਖ਼ਿਲਾਫ਼ ਪਿੰਡਾਂ ਵਿੱਚ ਪ੍ਰਚਾਰ ਕਰਨ ਦੀ ਰਣਨੀਤੀ ਬਣਾਈ ਗਈ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਆਹਲੂਵਾਲੀਆ, ਜਨਰਲ ਸਕੱਤਰ ਮੁਨਸ਼ੀ ਰਾਮ ਦਾਸ, ਮੀਤ ਪ੍ਰਧਾਨ ਇੰਦਰਜੀਤ ਸਿੰਘ ਤੇ ਚੰਨਣ ਸਿੰਘ ਅਤੇ ਜਥੇਬੰਦਕ ਸਕੱਤਰ ਰਮੇਸ਼ ਚੰਦਰ ਨੇ ਖੇਤੀਬਾੜੀ ਬੈਂਕ ਦੇ ਸਮੂਹ ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਅਕਾਲੀ ਦਲ-ਭਾਜਪਾ ਗਠਜੋੜ ਦਾ ਵਿਰੋਧ ਕਰਨ ਦਾ ਐਲਾਨ ਕੀਤਾ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਬਾਦਲ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਜਨਤਾ ਨੂੰ ਲਾਮਬੰਦ ਕਰਨ ਲਈ ਚੋਣਾਂ ਤੋਂ ਪਹਿਲਾਂ ਜਨਰਲ ਇਜਲਾਸ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਸਹਿਕਾਰਤਾ ਵਿਭਾਗ ਬਾਦਲ ਕੋਲ ਹੀ ਹੈ। ਆਗੂਆਂ ਨੇ ਦੱਸਿਆ ਕਿ ਖੇਤੀਬਾੜੀ ਬੈਂਕ ਦੇ ਸੇਵਾਮੁਕਤ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੀ ਪੈਨਸ਼ਨ ਸਕੀਮ 21 ਸਾਲ ਤੱਕ ਮਿਲਦੀ ਰਹੀ ਹੈ। ਹੁਣ ਬੈਂਕ ਦੇ ਪ੍ਰਬੰਧਕਾਂ ਨੇ 1 ਨਵੰਬਰ 2013 ਤੋਂ ਬਿਲਕੁਲ ਹੀ ਬੰਦ ਕਰ ਦਿੱਤੀ ਹੈ। ਇਸ ਕਾਰਨ ਪੈਨਸ਼ਨਰਾਂ ਦਾ ਬੁਢਾਪਾ ਰੁਲ ਗਿਆ ਹੈ। ਅਧਿਕਾਰੀਆਂ ਨੇ ਬਿਮਾਰ ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਨਹੀਂ ਕੀਤੀ।