ਚੰਡੀਗੜ੍ਹ: ਮੋਬਾਈਲ ਫ਼ੋਨ ਦੀ ਘੰਟੀ ਵੱਜੀ ਤਾਂ ਅੱਗੋਂ ਆਵਾਜ਼ ਆਈ, ਹਾਂ ਕੌਣ, ਸਰਦਾਰ ਬਲਦੇਵ ਸਿੰਹੁ ਬੋਲਦਾ! ਮੈਂ ਆੜ੍ਹਤੀਆ ਸੇਠ ਮੁਕੰਦ ਲਾਲ ਬੋਲਦਾ, ਬਲਦੇਵ ਸਿਹਾਂ! ਆਹ ਮੋਦੀ ਨੇ ਹੋਰ ਈ ਪੰਗਾ ਖੜ੍ਹਾ ਕਰਤਾ, ਹਜ਼ਾਰ-ਪੰਜ ਸੌ ਦੇ ਨੋਟ ਬੰਦ ਕਰਕੇ। ਮੈਂ ਸੋਚਦਾ ਵੀਹ ਕੁ ਲੱਖ ਤੇਰੇ ਖਾਤੇ 'ਚ ਜਮਾਂ ਕਰਵਾ ਦਿਆਂ। ਤੇਰਾ ਤਾਂ ਹੁਣ ਸੁੱਖ ਨਾਲ ਝੋਨਾ ਵੇਚਿਆ ਤੂੰ ਆਪਣੀ ਅਦਾਇਗੀ ਦੀ ਰਕਮ ਆਪਣੇ ਘਰੇ ਰੱਖ ਲੀਂ ਮੇਰਾ ਵੀਰ! ਮੈਂ ਤੇਰੇ ਅਰਗੇ 10 ਕੁ ਕਿਸਾਨ ਹੋਰ ਭਾਲੇ ਐ। ਨਾਲੇ ਵੀਰ ਬੰਦੇ ਆਪਣੇ ਖ਼ਾਸ ਹੋਣ ਫੇਰ ਈ ਫ਼ਾਇਦਾ।

ਲੋਭੜ ਜੱਟ ਦਾ ਕੀ ਪਤਾ ਭਾਈ ਪਿੱਛੋਂ ਮੁੱਕਰ ਈ ਜਾਏ। ਹੁਣ ਭਾਈ ਐਨਾ ਦੋ ਨੰਬਰ ਦਾ ਪੈਸਾ ਤਾਂ ਕਿਸੇ ਢੰਗ ਨਾਲ ਸ਼ੋਅ ਈ ਨੀ ਕੀਤਾ ਜਾਣਾ, ਸਾਰਾ ਘਰੇ ਪਿਆ ਮਿੱਟੀ ਹੋਜੂ' ਠੀਕ ਐ ਸੇਠ ਜੀ ਬਲਦੇਵ ਸਿੰਹੁ ਨੇ ਕਿਹਾ ਕੋਈ ਨੀ ਮੇਰੇ 3 ਬੈਂਕਾਂ 'ਚ ਖਾਤੇ ਐ ਤੁਸੀਂ ਭਾਵੇਂ ਤਿੰਨਾਂ 'ਚ ਈ 10-10 ਲੱਖ ਜਮਾਂ ਕਰਵਾ ਦਿਓ। ਆਪਣੀ ਤਾਂ ਘਰ ਦੀ ਗੱਲ ਐ। ਇਸ ਤਰ੍ਹਾਂ ਦੇ ਫ਼ੋਨ ਹੁਣ ਕੱਲ੍ਹ ਸਵੇਰ ਤੋਂ ਕਿਸਾਨਾਂ ਨੂੰ ਆਮ ਹੀ ਆ ਰਹੇ ਹਨ।

ਜੱਟ ਖ਼ੁਸ਼ ਵੀ ਹੋ ਰਹੇ ਐ ਕਿ ਭਾਵੇਂ ਕੁੱਝ ਸਮੇਂ ਲਈ ਹੀ ਸਹੀ ਕੇਰਾਂ ਤਾਂ ਬੈਂਕ ਖਾਤੇ 'ਚ ਲੱਖਾਂ ਰੁਪਏ ਜਮਾਂ ਕਰਵਾ ਕੇ ਲੋਕਾਂ ਨੂੰ ਦਿਖਾ ਦਿਆਂਗੇ | ਕਈਆਂ ਦੇ ਮਨਾਂ 'ਚ ਲੱਡੂ ਫੁੱਟ ਰਹੇ ਐ ਕਿ ਸੇਠ ਮਸਾਂ ਥੱਲੇ ਲੱਗੇ ਐ ਅੱਗੇ ਤਾਂ ਦੁਕਾਨ 'ਤੇ ਗਿਆ ਨਾਲ ਸਿੱਧੇ ਮੂੰਹ ਗੱਲ ਈ ਨੀ ਕਰਦੇ ਸੀ।
ਬਾਜਾਖਾਨਾ ਦੇ ਸਾਬਕਾ ਬੈਂਕ ਮੈਨੇਜਰ ਵਾਸਦੇਵ ਸ਼ਰਮਾ ਦਾ ਕਹਿਣਾ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਦਮ ਬਹੁਤ ਹੀ ਦਲੇਰੀ ਭਰਿਆ ਤੇ ਸ਼ਲਾਘਾਯੋਗ ਹੈ, ਪਰ ਲੋਕ ਫਿਰ ਵੀ ਅਜਿਹੀਆਂ ਚੋਰ ਮੋਰੀਆਂ ਰਾਹੀਂ ਕਾਲਾ ਧੰਨ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਨਗੇ, ਜਿਸ ਬਾਰੇ ਸਰਕਾਰ ਨੂੰ ਪੂਰੀ ਚੌਕਸੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ|

ਭਾਰਤ ਦੇ ਵੱਡੇ ਕਾਰੋਬਾਰੀ ਅਦਾਰੇ ਅੰਬਾਨੀ-ਅਡਾਨੀ ਵਰਗਿਆਂ ਨੇ ਤਾਂ ਕੁਝ ਦਿਨ ਪਹਿਲਾਂ ਹੀ ਅਰਬਾਂ ਰੁਪਏ ਦਾ ਨਿਵੇਸ਼ ਕਰ ਦਿੱਤਾ ਸੀ ਕਿਉਂਕਿ ਸਰਕਾਰ ਦਾ ਰਿਮੋਟ ਕੰਟਰੋਲ ਹੀ ਵੱਡੇ ਭਾਰਤੀ ਕਾਰੋਬਾਰੀ ਅਦਾਰਿਆਂ ਕੋਲ ਹੈ। ਇਸ ਲਈ ਉਨ੍ਹਾਂ ਦਾ ਕਾਲਾ ਧਨ ਤਾਂ ਸਗੋਂ ਸਫ਼ੈਦ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਮੱਧਵਰਗ ਦੇ ਕੁੱਝ ਲੋਕਾਂ ਨੂੰ ਜ਼ਰੂਰ ਥੋੜ੍ਹਾ ਬਹੁਤ ਫ਼ਰਕ ਪਵੇਗਾ, ਪਰ ਪਰਨਾਲਾ ਮੁੜ ਘਿੜ ਕੇ ਫਿਰ ਉੱਥੇ ਹੀ ਆ ਜਾਣਾ ਹੈ। ਇਸ ਲਈ ਲੋਕਾਂ ਨੂੰ ਭਾਵਕ ਹੋ ਕੇ ਬਹੁਤਾ ਖ਼ੁਸ਼ ਹੋਣ ਦੀ ਜ਼ਰੂਰਤ ਨਹੀਂ।