ਬਠਿੰਡਾ: ਘੱਟ ਮਿਹਨਤ ਕਰ ਵੱਧ ਝਾੜ ਲੈਣ ਦੀ ਦੌੜ ਵਿੱਚ ਲੱਗੇ ਚਾਰ ਜੁਗਾੜੀ ਕਿਸਾਨ ਹੁਣ ਕਾਨੂੰਨ ਦੇ ਅੜਿੱਕੇ ਆ ਚੁੱਕੇ ਹਨ। ਬਠਿੰਡਾ ਦੇ ਪਿੰਡ ਤੁੰਗਰਾਲੀ ਦੇ ਚਾਰ ਨੌਜਵਾਨਾਂ ਨੇ ਝੋਨੇ ਦੀ ਫ਼ਸਲ ਨੂੰ ਯੂਰੀਆ ਦੇਣ ਲਈ ਸਿੱਧਾ ਬੋਰ ਵਿੱਚ ਹੀ ਪਾ ਦਿੱਤਾ। ਇੰਨਾ ਹੀ ਨਹੀਂ ਇਨ੍ਹਾਂ ਜੁਗਾੜੀਆਂ ਨੇ ਆਪਣੇ ਇਸ ਕਾਰਨਾਮੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ, ਜੋ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਾਰਨ ਬਣੀ। ਚਾਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਰੇਕ ਦੀ ਪੰਜਾਹ ਹਜ਼ਾਰ ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਹੋ ਗਈ ਹੈ।




ਨੌਜਵਾਨ ਕਿਸਾਨ ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਤੇ ਬਖ਼ਸ਼ੀਸ਼ ਸਿੰਘ ਤੁੰਗਰਾਲੀ ਪਿੰਡ ਦੇ ਰਹਿਣ ਵਾਲੇ ਹਨ। ਜਦਕਿ, ਕ੍ਰਿਸ਼ਨਪਾਲ ਸਿੰਘ ਮਲਕਾਣਾ ਪਿੰਡ ਦਾ ਰਹਿਣ ਵਾਲਾ ਹੈ। ਚਾਰਾਂ ਨੇ ਖੇਤ ਵਿੱਚ ਝੋਨਾ ਸਿੰਜਣ ਲਈ ਵਰਤੇ ਜਾਂਦੇ ਜ਼ਮੀਨ ਹੇਠਲੇ ਪਾਣੀ ਵਿੱਚ ਹੀ ਯੂਰੀਆ ਮਿਲਾ ਦਿੱਤਾ ਤਾਂ ਜੋ ਉਨ੍ਹਾਂ ਨੂੰ ਰੇਹ ਦਾ ਛਿੱਟਾ ਨਾ ਦੇਣਾ ਪਵੇ।

ਖੇਤੀ ਵਿਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਪਾਣੀ ਵਿੱਚ ਯੂਰੀਆ ਪਾਉਣ 'ਤੇ ਇਸ ਅੰਦਰ ਮੌਜੂਦ ਨਾਈਟ੍ਰੇਟਸ ਦੀ ਮਾਤਰਾ ਵਧ ਜਾਂਦੀ ਹੈ। ਜੇਕਰ ਇਹ ਦੂਸ਼ਿਤ ਪਾਣੀ ਇਨਸਾਨੀ ਸ਼ਰੀਰ ਵਿੱਚ ਚਲਾ ਜਾਵੇ ਤਾਂ ਜੋੜਾਂ ਦੇ ਦਰਜ ਤੋਂ ਲੈ ਕੇ ਗੁਰਦੇ ਫੇਲ੍ਹ ਹੋਣ ਦਾ ਕਾਰਨ ਬਣ ਸਕਦਾ ਹੈ।



ਵੀਡੀਓ ਦੇਖ ਤਲਵੰਡੀ ਸਾਬੋ ਪੁਲਿਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਖ਼ੁਦ ਨੋਟਿਸ ਲਿਆ ਤੇ ਚਾਰਾਂ ਵਿਰੁੱਧ ਆਈਪੀਸੀ ਦੀ ਧਾਰਾ 278 (ਮਨੁੱਖੀ ਜੀਵਨ ਲਈ ਵਾਤਾਵਰਣ ਪਲੀਤ ਕਰਨਾ) ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਉਕਤ ਧਾਰਾ ਹੇਠ ਦੋਸ਼ੀ ਪਾਏ ਜਾਣ 'ਤੇ ਜ਼ੁਰਮਾਨਾ ਹੋ ਸਕਦਾ ਹੈ। ਹਾਲਾਂਕਿ, ਹਰੇਕ ਨੂੰ 50,000 ਰੁਪਏ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਚਾਰਾਂ ਨੌਜਵਾਨਾਂ ਨੇ ਜ਼ਮਾਨਤ ਤੋਂ ਬਾਅਦ ਆਪਣੀ ਗ਼ਲਤੀ ਦੀ ਮੁਆਫ਼ੀ ਮੰਗੀ ਤੇ ਅੱਗੇ ਤੋਂ ਕਦੇ ਵੀ ਅਜਿਹਾ ਨਾ ਕਰਨ ਦਾ ਅਹਿਦ ਲਿਆ।