ਚੰਡੀਗੜ੍ਹ: ਮਨੀਪੁਰ ਦੇ ਕਿਸਾਨ ਪੀ ਦੇਵਕਾਂਤ ਨੇ ਜੀਰੀ ਦੀਆਂ ਇੱਕ ਸੌ ਤੋਂ ਵਧ ਕਿਸਮਾਂ ਦੀ ਆਰਗੈਨਿਕ ਖੇਤੀ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕੇਵਲ ਜੀਰੀ ਦੀ ਖੇਤੀ ਹੀ ਨਹੀਂ ਕਰਦੇ ਸਗੋਂ ਅਜਿਹੀਆਂ ਕਿਸਮਾਂ ਦੀ ਪੈਦਾਵਾਰ ਵੀ ਕਰਦੇ ਹਨ ਜਿਨ੍ਹਾਂ ਬਾਰੇ ਹੁਣ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਰਹੀ। ਅਜਿਹੀ ਹੀ ਇੱਕ ਕਿਸਮ ਹੈ ‘ਚਖਾਓ ਪੋਰਟਨ’। ਇਹ ਚੌਲ ਕਾਲੇ ਰੰਗ ਦੇ ਹੁੰਦੇ ਹਨ ਤੇ ਇਨ੍ਹਾਂ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਦੀ ਭਰਪੂਰ ਤਾਕਤ ਹੈ। ਇਸ ਕਿਸਮ ਦੇ ਚੌਲ ਬੁਖ਼ਾਰ ਤੋਂ ਲੈ ਕੇ ਡੇਂਗੂ ਤੇ ਕੈਂਸਰ ਜਿਹੀ ਬਿਮਾਰੀ ਨੂੰ ਵੀ ਠੀਕ ਕਰ ਸਕਦੇ ਹਨ।
ਪੀ ਦੇਵਕਾਂਤ ਨੇ ਇੰਫਾਲ ‘ਚ ਆਪਣੇ ਜਨੂੰਨ ਨਾਲ 165 ਕਿਸਮ ਦੀ ਜੀਰੀ ਦੀ ਪੈਦਾਵਾਰ ਕੀਤੀ ਹੈ। ਪੰਜ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਚਾਰ ਤਰ੍ਹਾਂ ਦੀਆਂ ਕਿਸਮਾਂ ਨਾਲ ਕੰਮ ਸ਼ੁਰੂ ਕੀਤਾ ਸੀ। ਉਹ ਮਨੀਪੁਰ ਦੇ ਹਰ ਇਲਾਕੇ ਵਿੱਚ ਜਾ ਕੇ ਜੀਰੀ ਦੀ ਕਿਸਮਾਂ ਲੱਭ ਕੇ ਲਿਆਉਂਦੇ ਹਨ।
ਪਿੱਛੇ ਜਿਹੇ ਹੋਏ ਨੈਸ਼ਨਲ ਸੀਡ ਡਾਈ ਵਰਸਿਟੀ ਫ਼ੈਸਟੀਵਲ ਵਿੱਚ ਦੇਵਕਾਂਤ ਨੇ ਆਪਣਾ ਕਮਾਲ ਵਿਖਾਇਆ। ਉਨ੍ਹਾਂ ਦੱਸਿਆ ਕੇ ਇਨ੍ਹਾਂ ਕਿਸਮਾਂ ਨੂੰ ਤਿਆਰ ਕਰਨਾ ਸੌਖਾ ਨਹੀਂ ਸੀ। ਕਈ ਕਿਸਮਾਂ ਤਾਂ ਖ਼ਤਮ ਹੋ ਗਈਆਂ ਮੰਨੀਆਂ ਜਾਂਦੀਆਂ ਸਨ। ਕਈ ਕਿਸਾਨਾਂ ਕੋਲ ਕਈ ਦੁਰਲੱਭ ਕਿਸਮਾਂ ਲੱਭ ਗਈਆਂ। ਇਨ੍ਹਾਂ ਕਿਸਮਾਂ ਨੂੰ ਮੁੜ ਕੇ ਫ਼ਸਲ ਦੇ ਤੌਰ ‘ਤੇ ਤਿਆਰ ਕਰਨਾ ਵੀ ਇੱਕ ਚੁਨੌਤੀ ਸੀ। ਦੇਵਕਾਂਤ ਨੂੰ 2012 ਪੀਪੀਵੀਏਐਫ ਦਾ ਸਨਮਾਨ ਵੀ ਮਿਲ ਚੁੱਕਾ ਹੈ।