ਚੰਡੀਗੜ੍ਹ : ਪੰਜਾਬ ਵਿਚ ਨਵੇਂ ਸੀਜ਼ਨ ਲਈ ਗੰਨੇ ਦੀਆਂ ਕੀਮਤਾਂ ਵਿਚ ਅਜੇ ਵਾਧਾ ਨਹੀਂ ਕੀਤਾ ਜਾ ਰਿਹਾ ਤੇ 15 ਨਵੰਬਰ ਤੋਂ ਮੌਜੂਦਾ ਕੀਮਤਾਂ 'ਤੇ ਹੀ ਗੰਨੇ ਦੀ ਖ਼ਰੀਦ ਤੇ ਪਿੜਾਈ ਦਾ ਸੀਜ਼ਨ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਸਮੇਂ ਇਹ ਕੀਮਤਾਂ 285-290 ਤੇ 300 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਹਨ।


ਇਹ ਜਾਣਕਾਰੀ ਰਾਜ ਸਰਕਾਰ ਦੇ ਐਡੀਸ਼ਨਲ ਚੀਫ਼ ਸੈਕਟਰੀ ਤੇ ਖੇਤੀਬਾੜੀ ਵਿਭਾਗ ਦੇ ਵਿੱਤ ਕਮਿਸ਼ਨਰ ਵਿਕਾਸ ਵਿਸ਼ਵਜੀਤ ਖੰਨਾ ਨੇ ਅੱਜ ਇੱਥੇ 'ਅਜੀਤ' ਦੇ ਇਸ ਪੱਤਰਕਾਰ ਨੂੰ ਵਿਸ਼ੇਸ਼ ਮੁਲਾਕਾਤ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੀਮਤ ਸਾਰੀਆਂ ਸ਼ੂਗਰ ਮਿੱਲਾਂ ਭਾਵੇਂ ਉਹ ਸਹਿਕਾਰੀ ਖੇਤਰ ਦੀਆਂ ਹਨ ਜਾਂ ਨਿੱਜੀ ਖੇਤਰ ਦੀਆਂ 'ਤੇ ਲਾਗੂ ਹੋਵੇਗਾ। ਇਕ ਸਵਾਲ ਦੇ ਜਵਾਬ ਵਿਚ ਖੰਨਾ ਨੇ ਕਿਹਾ ਕਿ ਨਵੇਂ ਸੀਜ਼ਨ ਦੇ ਦੌਰਾਨ ਵੀ ਪੰਜਾਬ ਵਿਚ ਗੰਨੇ ਦੀ ਪੈਦਾਵਾਰ ਵਧੀਆ ਰਹੇਗੀ। ਗੰਨਾ ਪੀੜਨ ਦੇ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਸੰਭਵ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਬਈ ਦੌਰੇ ਤੋਂ ਵਾਪਸੀ 'ਤੇ ਪੰਜਾਬ ਸ਼ੂਗਰ ਕੇਨ ਕੰਟਰੋਲ ਬੋਰਡ ਦੀ ਮੀਟਿੰਗ ਰੱਖੀ ਜਾਵੇਗੀ, ਜੋ ਕਿ ਪਹਿਲਾਂ 8 ਨਵੰਬਰ ਨੂੰ ਹੋਣੀ ਸੀ। ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਭਰ ਦੀਆਂ ਮਾਰਕੀਟ ਕਮੇਟੀਆਂ ਜਿਨ੍ਹਾਂ ਦੀ ਗਿਣਤੀ 153 ਹੈ ਲਈ ਨਾਮਜ਼ਦਗੀਆਂ ਦੇ ਪੈਨਲ ਡਿਪਟੀ ਕਮਿਸ਼ਨਰਾਂ ਤੋਂ ਮੰਗ ਲਏ ਗਏ ਹਨ, ਜਿਨ੍ਹਾਂ ਵਿਚ ਆੜ੍ਹਤੀ, ਕਿਸਾਨ ਤੇ ਤੋਲਿਆਂ ਦੇ ਪ੍ਰਤੀਨਿਧ ਸ਼ਾਮਿਲ ਹੋਣਗੇ। ਇਸ ਸਮੇਂ ਮਾਰਕੀਟ ਕਮੇਟੀਆਂ ਦਾ ਪ੍ਰਬੰਧ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਪ੍ਰਸ਼ਾਸਕ ਚਲਾ ਰਹੇ ਹਨ ਜੋ ਲੱਗਪਗ ਸਾਰੇ ਪੀ. ਸੀ. ਐੱਸ. ਅਧਿਕਾਰੀ ਹਨ, ਇਨ੍ਹਾਂ ਵਿਚ ਕੁਝ ਆਈ.ਏ.ਐੱਸ. ਵੀ ਹਨ।