ਚੰਡੀਗੜ੍ਹ: ਕੈਪਟਨ ਸਰਕਾਰ ਚਾਹੇ ਕਰਜ਼ ਮੁਆਫੀ ਦੇ ਵੱਡੇ ਦਾਅਵੇ ਕਰ ਰਹੀ ਹੈ ਪਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਕਿਸਾਨ ਖੁਦਕੁਸ਼ੀਆਂ ਦੀ ਮਹੀਨਾਵਾਰ ਸੂਚੀ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਲੰਘੇ ਮਹੀਨੇ ਦੌਰਾਨ 30 ਦਿਨਾਂ ਵਿੱਚ 34 ਕਿਸਾਨ-ਮਜ਼ਦੂਰ ਮੌਤ ਨੂੰ ਗਲ਼ ਲਾ ਚੁੱਕੇ ਹਨ।   ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਦਾ ਅੰਕੜਾ ਦਿਨਾਂ ਦੀ ਗਿਣਤੀ ਉਪਰ ਭਾਰੂ ਪੈ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਯੂਨੀਅਨ ਦਾ ਦਾਅਵਾ ਹੈ ਕਿ ਕੈਪਟਨ ਸਰਕਾਰ ਦੇ ਕਾਰਜਕਾਲ ਦੇ 485 ਦਿਨਾਂ ਵਿੱਚ ਕਥਿਤ 709 ਕਿਸਾਨ-ਮਜ਼ਦੂਰ ਦੀਆਂ ਖੁਦਕੁਸ਼ੀਆਂ ਹੋਈਆਂ ਹਨ। ਕਿਸਾਨ ਖੁਦਕੁਸ਼ੀਆਂ ਦੀ ਸੂਚੀ ਜਾਰੀ ਕਰਦਿਆਂ ਯੂਨੀਅਨ ਨੇ ਦਾਅਵਾ ਕੀਤਾ ਕਿ 11 ਜੁਲਾਈ 2018 ਤੋਂ 10 ਅਗਸਤ 2018 ਤੱਕ ਸਿਰਫ਼ 30 ਦਿਨਾਂ ਵਿੱਚ 34 ਕਿਸਾਨ-ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀਆਂ ਦਾ ਅੰਕੜਾ ਸਿਰਫ਼ ਅਖ਼ਬਾਰ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਹੈ। ਜੇਕਰ ਪੰਜਾਬ ਵਿੱਚ ਸਹੀ ਮਾਅਨੇ ’ਚ ਖੁਦਕੁਸ਼ੀਆਂ ਦਾ ਸਰਵੇ ਕਰਵਾਇਆ ਜਾਵੇ ਤਾਂ ਇਹ ਅੰਕੜਾ ਹੋਰ ਵੀ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪਰਿਵਾਰ ਪ੍ਰਸ਼ਾਸਨ ਤੇ ਸਮਾਜ ਤੋਂ ਡਰਦਿਆਂ ਖੁਦਕੁਸ਼ੀ ਬਾਰੇ ਰਿਪੋਰਟ ਨਹੀਂ ਕਰਦੇ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਦੂਹਰਾ ਸੰਤਾਪ ਭੋਗ ਰਹੇ ਹਨ। ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ-ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਸਨ ਪਰ ਹੁਣ ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜਾਬ ਦੇ ਨੌਜਵਾਨ ਕੀਮਤੀ ਜ਼ਿੰਦਗੀਆਂ ਗੁਆ ਰਹੇ ਹਨ।