ਲੁਧਿਆਣਾ: ਕੜਕਨਾਥ ਕਾਲੇ ਮੁਰਗੇ ਦੀ ਇੱਕ ਅਜਿਹੀ ਪ੍ਰਜਾਤੀ ਹੈ ਜਿਸ ਤੋਂ ਅੱਜ ਤਕ ਕਈ ਵਿਗਿਆਨੀ ਤੇ ਕਿਸਾਨ ਅਣਜਾਣ ਸੀ ਪਰ ਇਹ ਪ੍ਰਜਾਤੀ ਹੁਣ ਲਗਾਤਾਰ ਪ੍ਰਸਿੱਧ ਹੁੰਦੀ ਜਾ ਰਹੀ ਹੈ। ਕਾਲੇ ਰੰਗ ਦੀ ਮੁਰਗਿਆਂ ਦੀ ਇਹ ਪ੍ਰਜਾਤੀ ਭਾਰਤ ਦੀ ਦੇਸੀ ਪ੍ਰਜਾਤੀ ਹੈ ਜਿਸ ਦਾ ਮੀਟ ਵੀ ਕਾਲੇ ਰੰਗ ਦਾ ਹੀ ਹੁੰਦਾ ਹੈ। ਇਸ ਦਾ ਅੰਡਾ ਇਨੀਂ ਦਿਨੀਂ ਬਾਜ਼ਾਰ ਵਿੱਚ ਕਾਫ਼ੀ ਪ੍ਰਚੱਲਿਤ ਹੈ ਜਿਸ ਦੀ ਕੀਮਤ 30 ਤੋਂ ਲੈ ਕੇ 40 ਰੁਪਏ ਤੱਕ ਦੀ ਹੈ।
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਪੋਲਟਰੀ ਫਾਰਮ ‘ਚ ਮੁਰਗਿਆਂ ਦੀ ਇਹ ਪ੍ਰਜਾਤੀ ਪੋਲਟਰੀ ਫਾਰਮਰਸ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ, ਇਸ ਦੇ ਨਾਲ ਹੀ ਇਸ ਦਾ ਇੱਕ ਚੂਚਾ 40 ਰੁਪਏ ਦਾ ਹੈ। ਦੱਸ ਦਈਏ ਕਿ ਇਸ ਦੇ ਅੰਡੇ ਵਿੱਚ ਇੰਨੀ ਤਾਕਤ ਹੈ ਕਿ ਹੁਣ ਦੇਸ਼ ਦੇ ਖਿਡਾਰੀ ਵੀ ਇਸ ਦੀ ਵਰਤੋਂ ਕਰਨ ਲੱਗੇ ਹਨ।


ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਸਹਾਇਕ ਵਿਗਿਆਨੀ ਡਾ ਦੂਬੇ ਨੇ ਦੱਸਿਆ ਕਿ ਮੁਰਗਿਆਂ ਦੀ ਇਹ ਪ੍ਰਜਾਤੀ ਮੱਧ ਪ੍ਰਦੇਸ਼ ਤੇ ਝਾਰਖੰਡ ਇਲਾਕੇ ਦੀ ਹੈ ਤੇ ਜੰਗਲੀ ਲੋਕ ਪਹਿਲਾਂ ਇਸ ਦਾ ਸ਼ਿਕਾਰ ਕਰਦੇ ਸੀ। ਇਸ ਤੋਂ ਬਾਅਦ ਇਸ ਨੂੰ ਪਾਲਣਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਇਸ ਮੁਰਗੇ ਦੀ ਨਸਲ ਦਾ ਨਾਂ ਕੜਕਨਾਥ ਹੈ ਤੇ ਇਸ ਦਾ ਅੰਡਾ ਹੁਣ ਪੰਜਾਬ ਦੇ ਨਾਲ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕਾਫ਼ੀ ਪ੍ਰਸਿੱਧ ਹੋਣ ਲੱਗ ਗਿਆ ਤੇ ਇਸ ਦੀ ਡਿਮਾਂਡ ਵੀ ਵਧ ਗਈ।

ਡਾ. ਦੂਬੇ ਨੇ ਦੱਸਿਆ ਕਿ ਇਸ ਅੰਡੇ ਦੇ ਵਿੱਚ ਆਮ ਅੰਡੇ ਨਾਲੋਂ ਵੱਧ ਪ੍ਰੋਟੀਨ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕੈਲੇਸਟਰੋਲ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਨਸਲ ਬਾਕੀ ਨਸਲ ਤੋਂ ਬਿਲਕੁਲ ਵੱਖਰੀ ਹੈ। ਨਾਲ ਹੀ ਇਨ੍ਹਾਂ ਨੂੰ ਜਲਦੀ ਹੀ ਕੋਈ ਵੀ ਬੀਮਾਰੀ ਨਹੀਂ ਲੱਗਦੀ। ਇਨ੍ਹਾਂ ਕੁਕੜਾ ਦੀ ਡਾਈਟ ਆਮ ਵਰਗੀ ਹੈ ਪਰ ਉਨ੍ਹਾਂ ਨੂੰ ਪ੍ਰੋਟੀਨ ਜ਼ਿਆਦਾ ਦਿੱਤਾ ਜਾਂਦਾ ਹੈ।

ਹੁੰਦਾ ਕੁਝ ਖ਼ਤਰਨਾਕ:

ਡਾ. ਦੂਬੇ  ਨੇ ਅੱਗੇ ਦੱਸਿਆ ਕਿ ਕੜਕਨਾਥ ਮੁਰਗੇ ਦਾ ਰੰਗ ਭੂਰਾ ਕਾਲਾ ਹੁੰਦਾ ਹੈ ਅਤੇ ਇਹ ਇੱਕ ਦੂਜੇ ਨੂੰ ਵੀ ਖਾ ਜਾਂਦੇ ਹਨ। ਇਸ ਕਰਕੇ ਇਸ ਨੂੰ ਹੋਰਨਾਂ ਮੁਰਗੇ ਦੀਆਂ ਪ੍ਰਜਾਤੀਆਂ ਦੇ ਨਾਲ ਨਹੀਂ ਰੱਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਜਾਂਦੀ ਹੈ। ਨਾਲ ਹੀ ਹੁਣ ਖਿਡਾਰੀਆਂ ਦੀ ਡਾਈਟ ਵਿੱਚ ਵੀ ਇਸ ਦੇ ਅੰਡਿਆਂ ਨੂੰ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਲਾਹੇਵੰਦ ਧੰਦਾ ਬਣ ਸਕਦਾ ਕਿਉਂ ਕੀ ਇਸਦਾ ਅੰਡਾ ਕਾਫ਼ੀ ਮਹਿੰਗਾ ਵਿਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904