ਚੰਡੀਗੜ੍ਹਛ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਲਈ ਚੁਣੌਤੀ ਬਣ ਕੇ ਖੜੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਐਤਵਾਰ 30 ਸਤੰਬਰ ਨੂੰ ਪੰਜਾਬ ਭਰ ਦੇ ਸ਼ੈਲਰ ਮਾਲਕਾਂ ਦੀ ਸੰਗਰੂਰ ਵਿਖੇ ਬੈਠਕ ਬੁਲਾਈ ਹੈ।
ਭਗਵੰਤ ਮਾਨ ਤੇ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰ ਸੂਬਾ ਤੇ ਕੇਂਦਰ ਸਰਕਾਰਾਂ ਦੀਆਂ ਤਿਆਰੀਆਂ ਬੇਹੱਦ ਢਿੱਲੀਆਂ ਹਨ, ਜਿਸ ਕਾਰਨ ਕਿਸਾਨਾਂ ਦੀ ਮੰਡੀਆਂ 'ਚ ਖੱਜਲ-ਖ਼ੁਆਰੀ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।
ਮਾਨ ਨੇ ਕਿਹਾ ਕਿ ਕਿਸਾਨ ਵਿਰੋਧੀ ਨੀਤੀਆਂ ਕਾਰਨ ਕੇਂਦਰ ਤੇ ਸੂਬਾ ਸਰਕਾਰਾਂ ਨੇ ਕਿਸਾਨ ਤੇ ਖੇਤ ਮਜ਼ਦੂਰ ਤਾਂ ਪਹਿਲਾਂ ਹੀ ਕਰਜ਼ੇ ਨਾਲ ਦੱਬ ਦਿੱਤੇ ਹਨ, ਹੁਣ ਝੋਨੇ ਦੇ ਸੀਜ਼ਨ ਦੌਰਾਨ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸ਼ੈਲਰ ਉਦਯੋਗ, ਆੜ੍ਹਤੀ, ਲੇਬਰ ਤੇ ਟਰਾਂਸਪੋਰਟਰ ਵੀ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਤ੍ਰਾਹ-ਤ੍ਰਾਹ ਕਰ ਰਹੇ ਹਨ ਤੇ ਖਰੀਦ ਦਾ ਬਾਈਕਾਟ ਕਰਨ ਤੱਕ ਦੀਆਂ ਚੇਤਾਵਨੀਆਂ ਦੇ ਰਹੇ ਹਨ, ਪਰ ਸਰਕਾਰਾਂ ਸੁੱਤੀਆਂ ਪਈਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ 'ਚ ਡੁੱਬ ਕੇ ਲੋਕ 'ਤੇ ਮਾਰੂ ਨੀਤੀਆਂ ਥੋਪ ਰਹੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਹਲੂਣਾ ਦੇਣ ਲਈ ਲੋਕਾਂ ਨੂੰ ਇੱਕਜੁੱਟ ਹੋਣਾ ਪਵੇਗਾ। ਨੀਨਾ ਮਿੱਤਲ ਨੇ ਸਮੂਹ ਸ਼ੈਲਰ ਮਾਲਕਾਂ ਨੂੰ 30 ਸਤੰਬਰ ਸ਼ੈਲਰ ਉਦਯੋਗ ਨਾਲ ਸਬੰਧਿਤ ਸੰਗਰੂਰ 'ਚ ਬੁਲਾਈ ਬੈਠਕ ਲਈ ਪੰਜਾਬ ਦੇ ਸਾਰੇ ਸ਼ੈਲਰ ਮਾਲਕਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਕਿਹਾ ਕਿ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਉਣ ਲਈ ਇੱਕਜੁੱਟ ਹੰਭਲੇ ਮਾਰਨੇ ਪੈਣਗੇ। ਇਸ ਲਈ ਸਾਰੇ ਸ਼ੈਲਰ ਮਾਲਕ ਹੁੰਮ-ਹੁੰਮਾ ਕੇ ਪੁੱਜਣ।