ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਹਿਕਾਰੀ ਬੈਂਕਾਂ 'ਚ ਅਰਬਾਂ ਰੁਪਏ ਦੇ ਘਪਲਿਆਂ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਫ਼ਸਰਾਂ, ਦਲਾਲਾਂ ਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਹੇਠਾਂ ਤੋਂ ਉੱਤੇ ਤਕ ਫੈਲੇ ਭ੍ਰਿਸ਼ਟਾਚਾਰ ਲਈ ਕਾਂਗਰਸ ਤੇ ਅਕਾਲੀ-ਭਾਜਪਾ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜੋ ਹੁਣ ਤੱਕ ਵਾਰੀ ਬੰਨ੍ਹ ਕੇ ਸੱਤਾ ਭੋਗਦੀਆਂ ਆ ਰਹੀਆਂ ਹਨ। 'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ 'ਚ ਚੱਲ ਰਹੇ ਵਿੱਤੀ ਗੜਬੜੀਆਂ ਬਾਰੇ ਉੱਚ ਪੱਧਰੀ ਅਤੇ ਸਮਾਂਬੱਧ ਜਾਂਚ ਕਰਵਾ ਕੇ ਇੱਕ 'ਵਾਈਟ ਪੱਤਰ' ਜਾਰੀ ਕੀਤਾ ਜਾਵੇ।
ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਤੇ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦਾ ਮਾਡਲ ਸੂਬੇ ਦੇ ਕਿਸਾਨਾਂ ਤੇ ਖੇਤੀਬਾੜੀ ਲਈ ਵਰਦਾਨ ਸਾਬਤ ਹੋ ਸਕਦਾ ਸੀ, ਪਰ ਭ੍ਰਿਸ਼ਟ ਸਿਆਸਤਦਾਨਾਂ, ਅਫ਼ਸਰਾਂ ਤੇ ਦਲਾਲਾਂ ਦੇ ਗੱਠਜੋੜ ਨੇ ਸੂਬੇ ਦੇ ਸਹਿਕਾਰੀ ਵਿਭਾਗ ਤੇ ਸਹਿਕਾਰੀ ਬੈਂਕਾਂ ਦਾ ਬੇੜਾ ਗ਼ਰਕ ਕਰ ਦਿੱਤਾ। ਇਸ ਦੀ ਕੀਮਤ ਵਿੱਤੀ ਸੰਕਟ ਦੇ ਮਾਰੇ ਕਿਸਾਨਾਂ ਨੂੰ ਚੁਕਾਉਣੀ ਪੈ ਰਹੀ ਹੈ।
ਤਾਜ਼ਾ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 22 ਜ਼ਿਲ੍ਹਿਆਂ 'ਚ 17 ਹਜ਼ਾਰ ਸਹਿਕਾਰੀ ਸੁਸਾਇਟੀਆਂ ਦੇ 53 ਲੱਖ ਕਿਸਾਨ ਮੈਂਬਰ ਹਨ, ਪਰ ਇਨ੍ਹਾਂ 'ਚੋਂ 60 ਫ਼ੀਸਦੀ ਸਹਿਕਾਰੀ ਸਭਾਵਾਂ ਦਾ ਕਰੀਬ 500 ਕਰੋੜ ਰੁਪਏ ਡਿਫਾਲਟਰ ਸੂਚੀ (ਐਨਪੀਏ) 'ਚ ਚਲਾ ਗਿਆ ਹੈ। ਇੱਕ ਪਾਸੇ ਭ੍ਰਿਸ਼ਟ ਗੱਠਜੋੜ ਕਾਰਨ ਸਹਿਕਾਰੀ ਬੈਂਕ ਡੁੱਬ ਰਹੇ ਹਨ ਤੇ ਦੂਜੇ ਪਾਸੇ ਕਿਸਾਨਾਂ ਨਾਲ ਠੱਗੀਆਂ ਅਤੇ ਧੋਖਾਧੜੀਆਂ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮਰ ਚੁੱਕੇ ਕਿਸਾਨਾਂ ਦੇ ਨਾਂ 'ਤੇ ਲਿਮਟਾਂ (ਕਰਜ਼) ਦਿਖਾਏ ਜਾ ਰਹੇ ਹਨ। ਜਿਨ੍ਹਾਂ ਕਿਸਾਨਾਂ ਦਾ ਬੈਂਕ 'ਚ ਖਾਤਾ ਹੀ ਨਹੀਂ, ਉਨ੍ਹਾਂ ਸਿਰ ਲੱਖਾਂ ਰੁਪਏ ਦੇ ਕਰਜ਼ ਦਿਖਾਏ ਜਾ ਰਹੇ ਹਨ। 12-12 ਫ਼ੀਸਦੀ ਤੱਕ ਵਿਆਜ ਵਸੂਲਿਆ ਜਾ ਰਿਹਾ ਹੈ। ਸੱਤਾਧਾਰੀ ਧਿਰਾਂ ਦੇ ਆਗੂ ਕਰੋੜਾਂ ਰੁਪਏ ਦੇ ਕਰਜ਼ ਲੈ ਕੇ ਦੱਬੀ ਬੈਠੇ ਹਨ, ਪਰ ਸਰਕਾਰਾਂ ਅੱਖਾਂ ਬੰਦ ਕਰੀ ਬੈਠੀਆਂ ਹਨ।
ਕਿਸਾਨਾਂ ਦੇ ਹੱਕ 'ਚ 'ਆਪ' ਆਗੂਆਂ ਨੇ ਸਹਿਕਾਰੀ ਸਭਾਵਾਂ ਦੇ ਘਪਲਿਆਂ ਦੀ ਮੰਗੀ ਜਾਂਚ
ਏਬੀਪੀ ਸਾਂਝਾ
Updated at:
26 Jul 2019 06:51 PM (IST)
'ਆਪ' ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਕਿ ਸਹਿਕਾਰੀ ਬੈਂਕਾਂ 'ਚ ਚੱਲ ਰਹੇ ਵਿੱਤੀ ਗੜਬੜੀਆਂ ਬਾਰੇ ਉੱਚ ਪੱਧਰੀ ਅਤੇ ਸਮਾਂਬੱਧ ਜਾਂਚ ਕਰਵਾ ਕੇ ਇੱਕ 'ਵਾਈਟ ਪੱਤਰ' ਜਾਰੀ ਕੀਤਾ ਜਾਵੇ।
- - - - - - - - - Advertisement - - - - - - - - -