ਨਵੀਂ ਦਿੱਲੀ: 27 ਸਾਲ ਦੇ ਅਭਿਸ਼ੇਕ ਸਿੰਘ ਨੇ ਇੰਜਨੀਅਰ ਦੀ ਨੌਕਰੀ ਛੱਡ ਕੇ ਅਜਿਹਾ ਕੰਮ ਕੀਤਾ ਕਿ ਪੂਰੇ ਗਾਂਧੀਨਗਰ ਵਿੱਚ ਉਸ ਦੀ ਤੂਤੀ ਬੋਲਣ ਲੱਗੀ। ਉਸ ਵੱਲੋਂ ਨੌਕਰੀ ਛੱਡ ਕੇ ਕੀਤੇ ਪਾਇਰੇਟ ਕਿਚਨ ਦੇ ਕੰਮ ਦੇ ਲੋਕ ਦੀਵਾਨੇ ਹੋ ਗਏ।
ਉਸ ਦੇ ਕਿਚਨ ਦੀ ਦਿਲਚਸਪ ਗੱਲ ਇਹ ਹੈ ਕਿ ਉਸ ਦੇ ਚੁੱਲ੍ਹੇ 'ਤੇ ਹਾਂਡੀ ਦਿਨੇ ਨਹੀਂ ਬਲਕਿ ਰਾਤ ਨੂੰ ਚੜ੍ਹਦੀ ਹੈ। ਦਿਨ ਢਲਣ ਨਾਲ ਹੀ ਉਸ ਦਾ ਮਨਪਸੰਦ ਖਾਣਾ ਅਗਲੇ ਦਿਨ ਸੂਰਜ ਚੜ੍ਹਨ ਤੱਕ ਰਾਤ ਭਰ ਉਪਲਬਧ ਰਹਿੰਦਾ ਹੈ। ਖਾਣੇ ਦੀ ਸਪਲਾਈ ਆਨਲਾਈਨ ਆਡਰ ਅਨੁਸਾਰ ਆਈਟੀ ਕੰਪਨੀ ਤੇ ਕਾਲਜ ਹੋਸਟਲ ਤੇ ਕਾਲ ਸੈਂਟਰ ਦੇ ਦਫ਼ਤਰਾਂ ਵਿੱਚ ਜਾਂਦੀ ਹੈ।
ਰਾਜਸਥਾਨ ਦੇ ਘੁੰਮਹੇਰ ਪਿੰਡ ਵਿੱਚ ਰਹਿਣ ਵਾਲੇ 27 ਸਾਲਾ ਅਭਿਸ਼ੇਕ ਸਿੰਘ ਨੇ 2012 ਵਿੱਚ ਬੀਟੈੱਕ ਮਗਰੋਂ ਵੋਡਾਫੋਨ ਤੇ ਕੁਝ ਸਮੇਂ ਬਾਅਦ ਮਲਟੀਨੈਸ਼ਨਲ ਕੰਪਨੀ ਵਿੱਚ ਤਿੰਨ ਸਾਲ ਨੌਕਰੀ ਕੀਤੀ। ਇਸ ਦੌਰਾਨ ਉਸ ਨੂੰ ਸਾਢੇ ਛੇ ਲੱਖ ਸਾਲਾਨਾ ਦਾ ਪੈਕੇਜ ਮਿਲਿਆ ਪਰ ਨੌਕਰੀ ਦੌਰਾਨ ਉਹ ਕੁਝ ਵੱਖਰਾ ਕਰਨਾ ਚਾਹੁੰਦਾ ਸੀ। ਆਖ਼ਰ ਉਸ ਨੇ ਨੌਕਰੀ ਛੱਡ ਕੇ ਆਪਣੇ ਦੋ ਹੋਰ ਇੰਜਨੀਅਰ ਦੋਸਤਾਂ ਨਾਲ ਰਸੋਈ ਦਾ ਕੰਮ ਸ਼ੁਰੂ ਕੀਤਾ।
ਅਭਿਸ਼ੇਕ ਨੇ ਦੱਸਿਆ ਕਿ ਜਦੋਂ ਉਹ ਮਲਟੀ ਨੈਸ਼ਨਲ ਕੰਪਨੀਆਂ ਵਿੱਚ ਕੰਮ ਕਰਦੇ ਸਨ ਤਾਂ ਦੇਰ ਰਾਤ ਰੋਟੀ ਤਾਂ ਛੱਡ ਚਾਹ ਨਾਸ਼ਤੇ ਦੇ ਵੀ ਲਾਲੇ ਪੈ ਜਾਂਦੇ ਸਨ। ਇਸ ਲਈ ਕਈ ਵਾਰ ਉਹ ਭੁੱਖੇ ਹੀ ਸੌਂਦੇ ਸਨ। ਇਸ ਗੱਲ ਤੋਂ ਉਸ ਨੂੰ ਆਈਡੀਆ ਆਇਆ ਕਿ ਦਿਨੇ ਤਾਂ ਸਾਰੇ ਭੋਜਨ ਦਿੰਦੇ ਹਨ ਪਰ ਰਾਤ ਨੂੰ ਭੋਜਨ ਦੇਣ ਵਾਲੇ ਬਹੁਤ ਘੱਟ ਹੁੰਦੇ ਹਨ। ਇਸ ਲਈ ਉਨ੍ਹਾਂ ਰਾਤ ਨੂੰ ਰੋਟੀ ਦੇਣ ਦੀ ਰਸੋਈ ਖੋਲ੍ਹੀ ਤੇ ਇਹ ਆਈਡੀਆ ਬਹੁਤ ਕਾਮਯਾਬ ਹੋਇਆ। ਉਨ੍ਹਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।