Agriculture News: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਬਾਸਮਤੀ ਦੀ ਖ਼ਰੀਦ ਰਾਹੀਂ ਅਡਾਨੀ ਗਰੁੱਪ ਪੰਜਾਬ ਦੀਆਂ ਮੰਡੀਆਂ ਉੱਪਰ ਕਬਜ਼ਾ ਕਰਨ ਲੱਗਾ ਹੈ। ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਬਾਸਮਤੀ ਅਡਾਨੀ ਗਰੁੱਪ ਖ਼ਰੀਦ ਰਿਹਾ ਹੈ। 


ਮਾਝੇ ਦੀਆਂ ਮੰਡੀਆਂ ਤੋਂ ਇਕੱਤਰ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਇੱਥੇ ਆਖਿਆ ਕਿ ਤਰਨ ਤਾਰਨ, ਭਿਖੀਵਿੰਡ, ਝਬਾਲ, ਪੱਟੀ, ਖੇਮਕਰਨ ਆਦਿ ਮੰਡੀਆਂ ’ਚ ਬਾਸਮਤੀ 1121 ਤੇ 1509 ਆਦਿ ਦੀ ਖ਼ਰੀਦਦਾਰੀ ਅਡਾਨੀ ਕੰਪਨੀ ਕਰ ਰਹੀ ਹੈ। ਇਨ੍ਹਾਂ ਮੰਡੀਆਂ ‘ਚ ਜਿੰਨੇ ਵੀ ਵਪਾਰੀ ਹਨ, ਸਾਰੇ ਹੀ ਪ੍ਰਾਈਵੇਟ ਆਦਾਰੇ ਅਡਾਨੀ ਗਰੁੱਪ ਦੇ ਹਨ ਤੇ ਫ਼ਰਜ਼ੀ ਬੋਲੀ ਲਾਉਂਦੇ ਹਨ। 


ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਜਬੂਰੀ ਹੈ ਕਿ ਉਹ ਏਕਾ ਅਧਿਕਾਰ ਜਮਾਉਣ ਜਾ ਰਹੇ ਅਡਾਨੀ ਗਰੁੱਪ ਨੂੰ ਫ਼ਸਲ ਵੇਚ ਕੇ ਘਰ ਨੂੰ ਜਾਣ। ਉਨ੍ਹਾਂ ਕਿਹਾ ਕਿ ਅਡਾਨੀ ਘਰਾਣਾ ਬਾਸਮਤੀ ਦੀਆਂ ਸਿਰਫ਼ ਦੋ ਕਿਸਮਾਂ 1121 ਤੇ 1509 ਹੀ ਖ਼ਰੀਦ ਰਿਹਾ ਹੈ। ਕਾਰਪੋਰੇਟ ਘਰਾਣਾ ਕਿਸਾਨਾਂ ਨੂੰ ਮਹਿਜ਼ 3200 ਰੁਪਏ ਵਿੱਚ ਬਾਸਮਤੀ ਵੇਚਣ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਪੋਰੇਟ ਘਰਾਣੇ ਦੇ ਫੌਰੀ ਤੇ ਲੰਬੇ ਦਾਅ ਦੇ ਮਨਸੂਬੇ ਅਤੇ ਕਿਸਾਨਾਂ ਦੀ ਲੁੱਟ ਬੰਦ ਕਰਾਉਣ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ।


ਉਨ੍ਹਾਂ ਕਿਹਾ ਕਿ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀ ਘੱਟੋ-ਘੱਟ ਖ਼ਰੀਦ ਕੀਮਤ 4800 ਰੁਪਏ ਹੋਵੇ ਅਤੇ ਇਸੇ ਭਾਅ ’ਤੇ ਖ਼ਰੀਦ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਸਬੰਧੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੀ ਪੁਰਾਣੀਆਂ ਸਰਕਾਰ ਦੇ ਰਾਹ ਤੁਰਦੀ ਨਜ਼ਰ ਆ ਰਹੀ ਹੈ। 


ਕਿਸਾਨਾਂ ਦੀਆਂ ਲਟਕਦੀਆਂ ਮੰਗਾਂ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੂੰ ਨੌਕਰੀ ਤੇ ਮੁਆਵਜ਼ੇ ਤੋਂ ਇਲਾਵਾ ਮੰਗੀਆਂ ਹੋਰ ਮੰਗਾਂ ਲਾਗੂ ਕਰਨ ਤੋਂ ਟਾਲਾ ਵੱਟਦੀ ਜਾ ਰਹੀ ਹੈ। ਸਰਕਾਰ ਦਾ ਇਹੋ ਵਤੀਰਾ ਜਾਰੀ ਰਹਿਣ ’ਤੇ ਕਿਸਾਨਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਰਾਹ ਨਹੀਂ ਬਚੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।