ਬਰਨਾਲਾ: ਸਰਕਾਰ ਵੱਲੋਂ ਮੰਗਾਂ ਮੰਨ ਲਏ ਜਾਣ ਅਤੇ ਸੰਯਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਨੂੰ ਮੁਅੱਤਲ ਕੀਤੇ ਜਾਣ ਬਾਅਦ ਦੇ ਫੈਸਲੇ ਤੋਂ ਬਾਅਦ ਰੇਲਵੇ ਸਟੇਸ਼ਨ 'ਤੇ ਲਾਏ ਧਰਨੇ ਦਾ ਅੱਜ ਆਖਰੀ ਦਿਨ ਸੀ। ਅੱਜ ਸਵੇਰੇ ਤੋਂ ਹੀ ਧਰਨੇ ਵਾਲੀ ਥਾਂ 'ਤੇ ਵਿਆਹ ਵਰਗਾ ਮਾਹੌਲ ਸੀ।
ਅੱਜ ਧਰਨੇ ਵਿੱਚ ਰਿਕਾਰਡ ਤੋੜ੍ਹ ਇਕੱਠ ਸੀ। ਬੁਲਾਰਿਆਂ ਨੇ ਕਿਹਾ ਕਿ ਇਤਿਹਾਸਕ ਜਿੱਤ ਬਾਅਦ ਭਾਵੇਂ ਅੱਜ ਅਸੀਂ ਇਹ ਧਰਨਾ ਖ਼ਤਮ ਕਰ ਰਹੇ ਹਾਂ ਪਰ ਅਸੀਂ ਅਜੇ ਸਿਰਫ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੀ ਇਹ ਲੜਾਈ ਹੀ ਜਿੱਤੀ ਹੈ, ਖੇਤੀ ਨੂੰ ਲਾਹੇਬੰਦਾ ਕਿੱਤਾ ਬਣਾਉਣ ਅਤੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਪੂਰੀ ਤਰ੍ਹਾਂ ਪੁੱਠਾ ਗੇੜਾ ਦੇਣ ਦੀ ਲੰਬੀ ਜੰਗ ਅਜੇ ਬਾਕੀ ਹੈ। ਇਸ ਜੰਗ ਲਈ ਸਾਨੂੰ ਹੋਰ ਵੀ ਵਧੇਰੇ ਵਿਸ਼ਾਲ ਏਕਾ ਉਸਾਰਨਾ ਪਵੇਗਾ।
ਧਰਨੇ ਤੋਂ ਬਾਅਦ ਸ਼ਹਿਰ ਦੇ ਬਾਜਾਰਾਂ ਵਿਚੋਂ ਦੀ ਹੁੰਦਾ ਹੋਏ ਡੀ ਸੀ ਦਫਤਰ ਬਰਨਾਲਾ ਤੱਕ ਵਿਸ਼ਾਲ ਫਤਹਿ ਮਾਰਚ ਕੱਢਿਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਮਰਦਾਂ, ਔਰਤਾਂ, ਨੌਜਵਾਨਾਂ, ਬੱਚਿਆਂ ਨੇ ਗਿੱਧਾ, ਭੰਗੜਾ ਪਾਉਂਦੇ ਹੋਏ ਵਿਸ਼ਾਲ ਪੈਦਲ ਮਾਰਚ ਕੀਤਾ। ਸ਼ਹੀਦ ਭਗਤ ਸਿੰਘ ਚੌਕ ਵਿੱਚ ਲਗਾਤਾਰ ਅੱਧਾ ਘੰਟਾ ਗਿੱਧੇ ਤੇ ਭੰਗੜੇ ਦੀ ਧਮਾਲ ਪੈਂਦੀ ਰਹੀ।ਬੀਬੀਆਂ ਨੇ ਕਿਸਾਨਾਂ ਦੇ ਹੌਸਲੇ ਨੂੰ ਸਲਾਮ ਕਰਨ ਅਤੇ ਕੇਂਦਰ ਸਰਕਾਰ ਨੂੰ ਲਾਹਣਤਾਂ ਦੇਣ ਵਾਲੀਆਂ ਬੋਲੀਆਂ ਪਾਈਆਂ।
ਆਗੂਆਂ ਨੇ ਇੰਨੇ ਲੰਬੇ ਅਰਸੇ ਲਈ ਧਰਨੇ ਵਿੱਚ ਜਾਬਤਾਬੱਧ ਸ਼ਮੂਲੀਅਤ ਲਈ ਸਭ ਧਰਨਾਕਾਰੀਆਂ ਦਾ ਧੰਨਵਾਦ ਕੀਤਾ। ਬੀਬੀਆਂ ਦੀ ਵੱਡੀ ਸ਼ਮੂਲੀਅਤ ਇਸ ਧਰਨੇ ਦੀ ਖਾਸ ਵਿਲੱਖਣਤਾ ਰਹੀ। ਆਗੂਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਧਰਨਾਕਾਰੀਆਂ ਦੇ ਸੰਪਰਕ ਵਿੱਚ ਰਹਿਣ ਦੀ ਕੋਸ਼ਿਸ਼ ਕਰਨਗੇ। ਸਾਨੂੰ ਪਿੰਡਾਂ ਵਿੱਚ ਵੀ ਆਪਣਾ ਏਕਾ ਬਣਾ ਕੇ ਰੱਖਣਾ ਚਾਹੀਦਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਆਖੀਰ ਵਿੱਚ ਇੱਕ ਵਾਰ ਫਿਰ ਤੋਂ ਸਾਰੇ ਧਰਨਾਕਾਰੀਆਂ ਦਾ ਬਹੁਤ-ਬਹੁਤ ਧੰਨਵਾਦ।