ਚੰਡੀਗੜ੍ਹ: ਚੋਣਾਂ ਲੜਨ ਵਾਲੇ ਕਿਸਾਨ ਲੀਡਰਾਂ ਨੂੰ ਆਪਣੀ ਹੀ ਜਥੇਬੰਦੀਆਂ ਅੰਦਰ ਝਟਕੇ ਲੱਗਣ ਲੱਗੇ ਹਨ। ਪੰਜਾਬ ਦੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਤੋਂ ਬਾਅਦ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੂੰ ਵੀ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਕਿਸਾਨ ਜਥੇਬੰਦੀ ਦੇ ਕਿਸਾਨਾਂ ਲੀਡਰਾਂ ਨੇ ਭਾਰਤੀ ਕਿਸਾਨ ਯੂਨੀਅਨ- ਸਰ ਛੋਟੂ ਰਾਮ ਸੰਗਠਨ ਬਣਾ ਲਿਆ ਹੈ।
ਇਸ ਸਬੰਧੀ ਸੈਕਟਰ 12 ਸਥਿਤ ਜਾਟ ਭਵਨ ਵਿੱਚ ਕਿਸਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਕਰਨਾਲ, ਪਾਣੀਪਤ, ਸਫੀਦੋਂ, ਕੈਥਲ ਤੇ ਪੰਡੂਰੀ ਦੇ ਕਿਸਾਨ ਹਾਜ਼ਰ ਸਨ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਗਠਨ ਤੇ ਰਾਜਨੀਤੀ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਪਹਿਲਾਂ ਰਾਜੇਵਾਲ ਦੇ ਧੜੇ ਦੇ ਲੀਡਰਾਂ ਨੇ ਵੀ ਬਗਾਵਤ ਕਰਕੇ ਵੱਖਰੀ ਜਥੇਬੰਦੀ ਬਣਾ ਲਈ ਸੀ।
ਕੱਲ੍ਹ ਹੋਏਗਾ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ, ਚੰਡੀਗੜ੍ਹ ਸਣੇ ਕੀ ਅਹਿਮ ਮੱਦਿਆਂ 'ਤੇ ਹੋ ਸਕਦੀ ਚਰਚਾ
ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਗੁਰਨਾਮ ਸਿੰਘ ਚੜੂਨੀ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨੇ। ਇਸ ਕਰਕੇ ਅਸੀਂ ਉਨ੍ਹਾਂ ਤੋਂ ਵੱਖ ਹੋ ਗਏ। ਇਸ ਨਵੀਂ ਕਿਸਾਨ ਜਥੇਬੰਦੀ ਵਿੱਚ 12 ਵਿਅਕਤੀ ਸੁਖਵਿੰਦਰ ਝੱਬਰ, ਬਹਾਦਰ ਮੇਹਲਾ, ਸਮੈ ਸੰਧੂ, ਹਰਭਜਨ ਸਿੰਘ, ਨਵਜੋਤ ਸਿੰਘ, ਬਘੇਲ ਸਿੰਘ, ਤਜਿੰਦਰ ਸਿੰਘ, ਗੁਰਚਰਨ ਚੀਮਾ, ਸ਼ਮਸ਼ੇਰ ਰੋਡ, ਕਾਲਾ ਮਾਜਰਾ, ਰਾਮਮੇਹਰ ਨੰਬਰਦਾਰ, ਬਾਬਾ ਤਖਵਿੰਦਰ ਦਰਦ, ਛਤਰਪਾਲ ਸਿੰਧਰ ਨੂੰ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਪਾਰਟੀ ਬਣਾਈ ਸੀ। ਗੁਰਨਾਮ ਸਿੰਘ ਚੜੂਨੀ ਦਾ ਮੰਨਣਾ ਹੈ ਕਿ ਸਿਆਸੀ ਤਬਦੀਲੀ ਲਿਆਉਣ ਲਈ ਸਿਰਫ਼ ਅੰਦੋਲਨ ਕਰਨ ਨਾਲ ਕੰਮ ਨਹੀਂ ਚੱਲੇਗਾ। ਇਸੇ ਏਜੰਡੇ ਤਹਿਤ ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਪਰ ਉਨ੍ਹਾਂ ਨੂੰ ਨਿਰਾਸ਼ਾ ਹੱਥ ਲੱਗੀ। ਇਸ ਮਗਰੋਂ ਕਿਸਾਨ ਜਥੇਬੰਦੀ ਦੋ-ਫਾੜ ਹੋ ਗਈ।