ਚੰਡੀਗੜ੍ਹ: ਪੰਜਾਬ ਵਿੱਚ ਲੰਪੀ ਸਕਿਨ ਨਾਲ ਪਸ਼ੂਆਂ ਦੀ ਮੌਤ ਹੋ ਰਹੀ ਹੈ। ਇਨ੍ਹਾਂ ਮੌਤਾਂ ਕਾਰਨ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਬਹੁਤ ਸਾਰੇ ਲੋਕ ਦੁੱਧ ਪੀਣ ਤੋਂ ਗੁਰੇਜ ਕਰਨ ਲੱਗੇ ਹਨ। ਕਈਆਂ ਲੋਕਾਂ ਨੇ ਡਰ ਕਾਰਨ ਦੁੱਧ ਲੈਣਾ ਵੀ ਬੰਦ ਕਰ ਦਿੱਤਾ। ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ ਕਿ ਇਸ ਬਿਮਾਰੀ ਨਾਲ ਬੱਚੇ ਤੇ ਬੁਜ਼ਰਗਾਂ ਨੂੰ ਚਮੜੀ ਰੋਗ ਹੋਣ ਲੱਗੇ ਹਨ। 



ਉਧਰ ਦੋਧੀਆਂ ਦੀ ਜਥੇਬੰਦੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਬਿਮਾਰ ਪਸ਼ੂ ਦਾ ਦੁੱਧ ਆਪਣੇ ਗਾਹਕਾਂ ਨੂੰ ਨਹੀਂ ਵੇਚਦੇ ਤੇ ਅਫਵਾਹਾਂ ਵਿੱਚ ਕੋਈ ਸਚਾਈ ਨਹੀਂ। ਯੂਨੀਅਨ ਆਗੂਆਂ ਨੇ ਦੱਸਿਆ ਕਿ ਲੰਪੀ ਸਕਿਨ ਨਾਲ ਪਸ਼ੂਆਂ ਦੀਆਂ ਮੌਤਾਂ ਤੋਂ ਬਾਅਦ ਹਰ ਕੋਈ ਦੁੱਧ ਲੈਣ ਤੋਂ ਕਤਰਾ ਰਿਹਾ ਹੈ। 


ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਮਾਹਿਰ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਦੁੱਧ ਨੂੰ ਉਬਾਲ ਕੇ ਪੀਤਾ ਜਾਵੇ ਤੇ ਜਿਸ ਪਸ਼ੂ ਨੂੰ ਲੰਪੀ ਸਕਿਨ ਦੀ ਬਿਮਾਰੀ ਲੱਗ ਜਾਂਦੀ ਹੈ, ਉਹ ਦੁੱਧ ਦੇਣੋਂ ਵੀ ਹਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁੱਧ ਪਾਉਣ ਵਾਲਿਆਂ ਨੇ ਬਿਮਾਰ ਪਸ਼ੂਆਂ ਨੂੰ ਦੂਸਰੇ ਪਸ਼ੂਆਂ ਤੋਂ ਵੱਖ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ।  



ਪਸ਼ੂ-ਪਾਲਣ ਮੰਤਰੀ ਦੇ ਘਰ ਦੇ ਘਿਰਾਓ ਦਾ ਐਲਾਨ


ਇਸ ਨਾਲ ਹੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਲੰਪੀ ਸਕਿਨ ਕਾਰਨ ਮਰ ਰਹੇ ਪਸ਼ੂਆਂ ਦੇ ਨੁਕਸਾਨ ਦੇ ਮੁਆਵਜ਼ੇ ਤੇ ਪਸ਼ੂ-ਪਾਲਣ ਸਬੰਧੀ ਸਰਕਾਰ ਦੀ ਨੀਤੀ ਵਿਚ ਲੋੜੀਂਦੇ ਬਦਲਾਅ ਲਿਆਉਣ ਲਈ 28 ਅਗਸਤ ਨੂੰ ਪਸ਼ੂ-ਪਾਲਣ ਮੰਤਰੀ ਲਾਲਜੀਤ ਭੁੱਲਰ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। 


ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ, ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਪਸ਼ੂ ਪਾਲਣ ਦਾ ਕਿੱਤਾ ਤਬਾਹ ਹੋ ਰਿਹਾ ਹੈ ਤੇ ਸਰਕਾਰ ਪਸ਼ੂ ਪਾਲਕ ਪਰਿਵਾਰਾਂ ਦੀ ਮਦਦ ਦੀ ਥਾਂ ਬਿਆਨਬਾਜ਼ੀ ਤੱਕ ਹੀ ਸੀਮਤ ਹੈ।