ਇਸ ਵਾਰ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਕਿਹੜੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ?
ਏਬੀਪੀ ਸਾਂਝਾ | 24 Sep 2016 04:10 PM (IST)
ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਇਸ ਸਾਲ ਸਮੇਂ-ਸਿਰ ਬਿਜਾਈ ਲਈ ਪੀਬੀ ਡਬਲਯੂ-725, ਪੀਬੀ ਡਬਲਯੂ-677, ਐਚਡੀ-3086, ਡਬਲਯੂਐਚ-1105 ਅਤੇ ਐਚਡੀ-2967 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਵੀਂ ਕਿਸਮ ਪੀਬੀ ਡਬਲਯੂ-725 ਹੈ, ਜਿਸ ਦਾ ਝਾੜ 22.9 ਕੁਇੰਟਲ ਪ੍ਰਤੀ ਏਕੜ ਅਤੇ ਇਹ 154 ਦਿਨਾਂ ਵਿੱਚ ਪੱਕਦੀ ਹੈ। ਕਣਕ ਨੂੰ ਬਿਜਾਈ ਤੋਂ ਪਹਿਲਾਂ ਟੀਕਾ ਜ਼ਰੂਰ ਲਾਓ। ਇਸ ਟੀਕੇ ਨਾਲ ਖੇਤ ਦੀ ਉਪਜਾਊ ਸ਼ਕਤੀ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਅੱਧਾ ਕਿੱਲੋ ਕਨਸੋਰਸ਼ੀਅਮ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਕਣਕ ਦੇ ਬੀਜ ਨਾਲ ਮਿਲਾ ਦਿਓ। ਸੋਧੇ ਹੋਏ ਬੀਜ ਨੂੰ ਛਾਂਵੇਂ ਸੁਕਾ ਲੈਣਾ ਚਾਹੀਦਾ ਹੈ। ਇਹ ਟੀਕਾ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਅਤੇ ਗੇਟ ਨੰਬਰ ਇੱਕ ’ਤੇ ਬੀਜਾਂ ਦੀ ਦੁਕਾਨ ਤੋਂ ਮਿਲਦਾ ਹੈ।