ਚੰਡੀਗੜ੍ਹ: ਇਸ ਵਾਰ ਵੀ ਲੋਕ ਸਭਾ ਚੋਣਾਂ ਵਿੱਚ ਕਿਸਾਨੀ ਸੰਕਟ ਦਾ ਮੁੱਦਾ ਕਾਫੀ ਚਰਚਾ ਵਿੱਚ ਰਿਹਾ। ਬੀਜੇਪੀ ਨੇ ਪਿਛਲੀ ਵਾਰ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਹੁਣ ਮੁੜ ਬੀਜੇਪੀ ਸੱਤਾ ਵਿੱਚ ਆ ਗਈ ਹੈ। ਇਸ ਲਈ ਕਿਸਾਨੀ ਸੰਕਟ ਦਾ ਹੱਲ ਮੋਦੀ ਸਰਕਾਰ ਲਈ ਸਭ ਤੋਂ ਵੱਡੀ ਵੰਗਾਰ ਹੈ। ਇਸ ਲਈ ਜੁਲਾਈ ਵਿੱਚ ਪੇਸ਼ ਕੀਤੇ ਜਾ ਰਹੇ ਬਜਟ 'ਤੇ ਸਭ ਦੀਆਂ ਨਜ਼ਰਾਂ ਹਨ ਕਿ ਸਰਕਾਰ ਕਿਹੜੀ ਨਵੀਂ ਯੋਜਨਾ ਦਾ ਐਲਾਨ ਕਰਦੀ ਹੈ।
ਇਸ ਬਾਰੇ ਹੀ ਰਣਨੀਤੀ ਉਲੀਕਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਤੇ ਖੇਤੀ ਮਾਹਿਰਾਂ ਨਾਲ ਮੰਗਲਵਾਰ 11 ਜੂਨ ਨੂੰ ਮੀਟਿੰਗ ਕੀਤੀ ਜਾਵੇਗੀ। ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੇ ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਮਗਰੋਂ ਸੀਤਾਰਾਮਨ ਦੀ ਇਹ ਪਲੇਠੀ ਮੀਟਿੰਗ ਹੋਵੇਗੀ। ਸੀਤਾਰਾਮਨ, ਮੋਦੀ ਸਰਕਾਰ ਦੀ ਦੂਜੀ ਪਾਰੀ ਦਾ 5 ਜੁਲਾਈ ਨੂੰ ਮੁਕੰਮਲ ਬਜਟ ਪੇਸ਼ ਕਰਨਗੇ।
ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਵਿੱਤ ਮੰਤਰੀ ਖੇਤੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਖੇਤੀ ਨਾਲ ਜੁੜੀਆਂ ਵੱਖ ਵੱਖ ਜਥੇਬੰਦੀਆਂ ਤੇ ਖੇਤੀ ਅਰਥਚਾਰੇ ਦੇ ਮਾਹਿਰਾਂ ਤੋਂ ਉਨ੍ਹਾਂ ਦੀ ਰਾਇ ਲੈਣਗੇ। ਇਸ ਮੌਕੇ ਮੁੱਖ ਨਿਸ਼ਾਨਾ ਖੇਤੀ ਨਾਲ ਜੁੜੇ ਸਹਾਇਕ ਧੰਦਿਆਂ ਮੱਛੀ ਪਾਲਣ, ਪੋਲਟਰੀ ਤੇ ਪਸ਼ੂ-ਪਾਲਣ ਨੂੰ ਹੁਲਾਰਾ ਦੇਣ ’ਤੇ ਹੋਵੇਗਾ। ਮੋਦੀ ਸਰਕਾਰ ਨੇ ਐਤਕੀਂ ਸਹਾਇਕ ਧੰਦਿਆਂ ਦੇ ਪ੍ਰਚਾਰ ਪਾਸਾਰ ਦੇ ਮੱਦੇਨਜ਼ਰ ਮੱਛੀ-ਪਾਲਣ ਲਈ ਵੱਖਰਾ ਵਿਭਾਗ ਬਣਾਇਆ ਹੈ। ਇਸ ਦੀ ਨਿਗਰਾਨੀ ਲਈ ਕੈਬਨਿਟ ਮੰਤਰੀ ਵੀ ਨਿਯੁਕਤ ਕੀਤਾ ਹੈ।
ਉਂਜ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਸਬੰਧੀ ਯਾਦ ਪੱਤਰ ਵਿੱਤ ਮੰਤਰੀ ਨੂੰ ਪਹਿਲਾਂ ਹੀ ਸੌਂਪ ਚੁੱਕੀਆਂ ਹਨ। ਵਿੱਤ ਮੰਤਰੀ ਇਸੇ ਦਿਨ ਸਨਅਤ ਨਾਲ ਜੁੜੀਆਂ ਜਥੇਬੰਦੀਆਂ ਨੂੰ ਵੀ ਮਿਲਣਗੇ ਤੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹੁਲਾਰੇ ਸਮੇਤ ਸਨਅਤੀ ਪੈਦਾਵਾਰ ਸਮੇਤ ਹੋਰਨਾਂ ਮੁੱਦਿਆਂ ’ਚ ਚਰਚਾ ਕਰਨਗੇ। ਐਨਡੀਏ ਸਰਕਾਰ ਪੁਰਾਣੀਆਂ ਰਵਾਇਤਾਂ ਮੁਤਾਬਕ ਵਿੱਤੀ ਸਾਲ 2019-20 ਲਈ ਆਪਣਾ ਅੰਤ੍ਰਿਮ ਬਜਟ ਫਰਵਰੀ ਵਿੱਚ ਹੀ ਪੇਸ਼ ਕਰ ਚੁੱਕੀ ਹੈ।
ਕਿਸਾਨਾਂ ਦੀ ਦੁੱਗਣੀ ਆਮਦਨ ਮੋਦੀ ਸਰਕਾਰ ਲਈ ਵੱਡੀ ਵੰਗਾਰ, ਵਿੱਤ ਮੰਤਰੀ ਨੇ ਬੁਲਾਈ ਮੀਟਿੰਗ
ਏਬੀਪੀ ਸਾਂਝਾ
Updated at:
10 Jun 2019 01:31 PM (IST)
ਇਸ ਵਾਰ ਵੀ ਲੋਕ ਸਭਾ ਚੋਣਾਂ ਵਿੱਚ ਕਿਸਾਨੀ ਸੰਕਟ ਦਾ ਮੁੱਦਾ ਕਾਫੀ ਚਰਚਾ ਵਿੱਚ ਰਿਹਾ। ਬੀਜੇਪੀ ਨੇ ਪਿਛਲੀ ਵਾਰ ਹੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਹੁਣ ਮੁੜ ਬੀਜੇਪੀ ਸੱਤਾ ਵਿੱਚ ਆ ਗਈ ਹੈ। ਇਸ ਲਈ ਕਿਸਾਨੀ ਸੰਕਟ ਦਾ ਹੱਲ ਮੋਦੀ ਸਰਕਾਰ ਲਈ ਸਭ ਤੋਂ ਵੱਡੀ ਵੰਗਾਰ ਹੈ। ਇਸ ਲਈ ਜੁਲਾਈ ਵਿੱਚ ਪੇਸ਼ ਕੀਤੇ ਜਾ ਰਹੇ ਬਜਟ 'ਤੇ ਸਭ ਦੀਆਂ ਨਜ਼ਰਾਂ ਹਨ ਕਿ ਸਰਕਾਰ ਕਿਹੜੀ ਨਵੀਂ ਯੋਜਨਾ ਦਾ ਐਲਾਨ ਕਰਦੀ ਹੈ।
- - - - - - - - - Advertisement - - - - - - - - -