ਬਠਿੰਡਾ: ਜ਼ਿਲ੍ਹੇ ਦੇ ਕਸਬੇ ਰਾਮਪੁਰਾ ਫੂਲ ਨੇੜਲੇ ਪਿੰਡ ਚਾਉਕੇ ਦੇ ਕਿਸਾਨ ਵੱਲੋਂ ਕਰੰਟ ਲਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਗੁਰਮੇਲ ਸਿੰਘ ਉਰਫ਼ ਗੇਲਾ ਵਜੋਂ ਹੋਈ ਹੈ। ਕਿਸਾਨ ਨੇ ਕਰਜ਼ੇ ਅਤੇ ਘਰ ਦੀ ਨਿੱਘਰਦੀ ਆਰਥਿਕ ਹਾਲਤ ਨੂੰ ਦੇਖਦਿਆਂ ਖ਼ੁਦ ਨੂੰ ਖ਼ਤਮ ਕਰਨ ਦਾ ਇੰਨਾ ਦਰਦਨਾਕ ਕਦਮ ਚੁੱਕਿਆ।


ਪ੍ਰਾਪਤ ਜਾਣਕਾਰੀ ਮੁਤਾਬਕ ਗੁਰਮੇਲ ਸਿੰਘ ਸਿਰ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦਾ ਅੱਠ ਲੱਖ ਰੁਪਏ ਤੋਂ ਵੱਧ ਦਾ ਕਰਜ਼ ਸੀ। ਖੇਤੀ 'ਚ ਪਏ ਘਾਟੇ ਕਾਰਨ ਉਸ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਦਿੱਤੀ ਸੀ, ਪਰ ਕਰਜ਼ਾ ਨਹੀਂ ਉੱਤਰਿਆ। ਹਾਲਤ ਨਾ ਸੁਧਰਦੀ ਵੇਖ ਗੁਰਮੇਲ ਸਿੰਘ ਨੇ ਵੀਰਵਾਰ ਰਾਤ ਨੂੰ ਬਿਜਲੀ ਦੀ ਤਾਰ ਨੂੰ ਹੱਥ ਵਿੱਚ ਫੜ ਕੇ ਆਪਣੀ ਜਾਨ ਦੇ ਦਿੱਤੀ।

ਮ੍ਰਿਤਕ ਆਪਣੇ ਪਿੱਛੇ ਇੱਕ ਪੁੱਤਰ ਤੇ ਦੋ ਧੀਆਂ ਛੱਡ ਗਿਆ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪਿੰਡ ਦੇ ਕਿਸਾਨ ਆਗੂ ਗੁਰਪਿਆਰ ਸਿੰਘ ਚਾਉਕੇ ਨੇ ਸਰਕਾਰ ਨੂੰ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।