ਚੰਡੀਗੜ੍ਹ: ਪੰਜਾਬ ਦੇ ਮਾਲਵਾ ਖਿੱਤੇ 'ਚ ਕੈਂਸਰ ਬਾਰੇ ਕੁਝ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਪਿੱਛੇ ਸਿਰਫ ਕੀਟਨਾਸ਼ਕ ਹੀ ਜ਼ਿੰਮੇਵਾਰ ਨਹੀਂ ਹਨ। ਮਾਹਰਾਂ ਨੇ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਇਸ ਪਿੱਛੇ ਸਿਰਫ ਤੇ ਸਿਰਫ ਕੀਟਨਾਸ਼ਕ ਜ਼ਿੰਮੇਵਾਰ ਨਹੀਂ ਹਨ।

ਕ੍ਰਾਪ ਕੇਅਰ ਫਾਊਂਡੇਸ਼ਨ ਆਫ ਇੰਡੀਆ ਨੇ ਚੰਡੀਗੜ੍ਹ ਵਿੱਚ ਖਾਧ ਸੁਰੱਖਿਆ 'ਚ ਫ਼ਸਲ ਉਤਪਾਦਨ ਤੇ ਇਨ੍ਹਾਂ ਬਾਰੇ ਮਿੱਥ-ਧਾਰਨਾਵਾਂ ਬਾਰੇ ਸੈਮੀਨਾਰ ਕਰਵਾਇਆ। ਇੱਥੇ ਕਈ ਖੇਤੀ ਮਾਹਰਾਂ ਨੇ ਹਿੱਸਾ ਲਿਆ। ਮਾਹਰਾਂ ਨੇ ਦੱਸਿਆ ਕਿ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਪਿੱਛੇ ਤੰਬਾਕੂਨੋਸ਼ੀ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਕਈ ਆਰਥਿਕ ਤੇ ਸਮਾਜਿਕ ਕਾਰਨ ਵੀ ਇਸ ਮੌਤ ਦਰ ਦੇ ਲਗਾਤਾਰ ਵਧਣ ਦੇ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਕੀਟਨਾਸ਼ਕ ਖੇਤੀ ਪੈਦਾਵਾਰ ਦਾ ਮੁੱਖ ਅੰਗ ਹਨ ਤੇ ਬੰਦੇ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਇਸ ਦੀ ਵਰਤੋਂ ਬੇਹੱਦ ਧਿਆਨ ਨਾਲ ਕਰਨੀ ਚਾਹੀਦੀ ਹੈ। ਮਾਹਰਾਂ ਨੇ ਕੀਟਨਾਸ਼ਕਾਂ 'ਤੇ ਨਿਰਭਰਤਾ ਘਟਾਉਣ ਲਈ ਬਦਲਵੀਂ ਖੇਤੀ ਤੇ ਹਾਈਬ੍ਰਿਡ ਫ਼ਸਲਾਂ ਦੀ ਵਰਤੋਂ ਦਾ ਸੁਝਾਅ ਦਿੱਤਾ । ਮਾਹਰਾਂ ਨੇ ਇਹ ਵੀ ਕਿਹਾ ਕਿ ਖਾਧ ਪਦਾਰਥਾਂ ਵਿੱਚ ਰਸਾਇਣਾਂ ਦੀ ਮਾਤਰਾ ਦੀ ਸਮੇਂ-ਸਮੇਂ 'ਤੇ ਜਾਂਚ ਹੋਣੀ ਚਾਹੀਦੀ ਹੈ।