ਲੁਧਿਆਣਾ: ਬੀਤੇ ਦੋ ਦਿਨਾਂ ਦੌਰਾਨ ਪੂਰੇ ਪੰਜਾਬ ਵਿੱਚ ਪਏ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਕਾਫੀ ਵਧਾ ਦਿੱਤੀਆਂ ਹਨ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਕਣਕ ਦੀ ਕਟਾਈ ਕੁਝ ਦਿਨਾਂ ਲਈ ਟਾਲ ਦਿੱਤੀ ਜਾਵੇ।

ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਬਲਦੇਵ ਸਿੰਘ ਨੇ ਦੱਸਿਆ ਕਿ ਕਿਸਾਨਾਂ ਦਾ ਨੁਕਸਾਨ ਜਾਂਚਣ ਲਈ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਦੋ ਤੋਂ ਪੰਜ ਫ਼ੀਸਦ ਤਕ ਫ਼ਸਲ ਪ੍ਰਭਾਵਿਤ ਹੋਈ ਹੈ। ਲੁਧਿਆਣਾ ਵਿੱਚ 30 ਮਿਲੀਮੀਟਰ ਬਾਰਿਸ਼ ਹੋਈ ਪਰ ਮਾਛੀਵਾੜਾ ਵਿੱਚ ਖੇਤਾਂ ਵਿੱਚ ਕਾਫੀ ਪਾਣੀ ਖੜ੍ਹਾ ਹੋ ਗਿਆ।

ਅਜਿਹੇ ਵਿੱਚ ਕਣਕ ਵਿੱਚ ਨਮੀ ਆਉਣਾ ਆਮ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫਿਲਹਾਲ ਕੁਝ ਦਿਨ ਕਣਕ ਨੂੰ ਧੁੱਪ ਲੱਗਣ ਦਿਓ। ਇਸ ਤਰ੍ਹਾਂ ਫ਼ਸਲ ਦੀ ਨਮੀ ਕਾਬੂ ਵਿੱਚ ਆ ਜਾਵੇਗੀ ਤੇ ਮੰਡੀਆਂ ਵਿੱਚ ਖੱਜਲ-ਖੁਆਰੀ ਨਹੀਂ ਹੋਵੇਗੀ।