ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ਼ੋਂ ਮੋਦੀ ਸਰਕਾਰ 'ਤੇ ਕਣਕ ਦੀ ਖਰੀਦ ਵਿੱਚ ਅੜਿੱਕੇ ਡਾਹੁਣ ਦੇ ਇਲਜ਼ਾਮ ਮਗਰੋਂ ਆਮ ਆਦਮੀ ਪਾਰਟੀ (ਆਪ) ਵੀ ਇਸ ਲੜਾਈ ਵਿੱਚ ਕੁੱਦ ਪਈ ਹੈ। 'ਆਪ' ਨੇ ਮੰਡੀਆਂ 'ਚ ਬਾਰਦਾਣੇ ਦੀ ਕਮੀ ਕਾਰਨ ਪੈਦਾ ਹੋਏ ਗੰਭੀਰ ਸੰਕਟ ਲਈ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਹੀ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਦੱਸਿਆ ਹੈ।


'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਤੇ ਪੰਜਾਬ ਦੇ ਕਿਸਾਨ ਕੈਪਟਨ ਤੇ ਮੋਦੀ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਹਨ। ਸੰਧਵਾਂ ਨੇ ਕੈਪਟਨ ਨੂੰ ਕਿਹਾ ਕਿ ਫ਼ਸਲ ਦੀ ਬਿਜਾਈ ਦੇ ਨਾਲ ਹੀ ਬਾਰਦਾਣੇ ਦੀ ਖ਼ਰੀਦ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਛੇ ਮਹੀਨੇ ਪਹਿਲਾਂ ਸ਼ੁਰੂ ਹੋਣ ਵਾਲੀ ਪ੍ਰਕਿਰਿਆ ਦੇ ਫਲਾਪ ਰਹਿਣ 'ਤੇ ਅੱਜ ਕੈਪਟਨ ਅਮਰਿੰਦਰ ਇੱਧਰ-ਉੱਧਰ ਦੂਸ਼ਣਬਾਜ਼ੀ ਕਰਨ ਲੱਗੇ ਹਨ। ਦੂਜੇ ਪਾਸੇ ਮੰਡੀਆਂ 'ਚ ਅਨਾਜ ਦੇ ਅੰਬਾਰ ਲੱਗਣ ਲੱਗੇ ਹਨ। ਇਸ ਦਾ ਖ਼ਮਿਆਜ਼ਾ ਕਿਸਾਨ ਤੇ ਆੜ੍ਹਤੀ-ਭਾਈਚਾਰੇ ਨੂੰ ਭੁਗਤਣਾ ਪੈ ਰਿਹਾ ਹੈ।

ਸੰਧਵਾਂ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਬਾਰਦਾਣਾ ਹਰਿਆਣਾ ਨੂੰ ਭੇਜਣਾ ਵੀ ਇਸੇ ਵਿਤਕਰੇਬਾਜ਼ੀ ਦਾ ਹਿੱਸਾ ਹੈ। ਸੰਧਵਾਂ ਨੇ ਕਿਹਾ ਕਿ ਅੱਜ ਬਾਦਲ ਜਵਾਬ ਦੇਣ ਕਿ ਕੀ ਉਹ ਆਪਣੀ ਨੂੰਹ ਦੀ ਵਜ਼ੀਰੀ ਲਈ ਹੀ ਭਾਜਪਾ ਨਾਲ ਗੱਠਜੋੜ ਕਰਦੇ ਹਨ? ਕੀ ਉਨ੍ਹਾਂ ਲਈ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤ ਕੋਈ ਅਰਥ ਨਹੀਂ ਰੱਖਦੇ? ਸੰਧਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰਸਿਮਰਤ ਬਾਦਲ ਤੋਂ ਜਵਾਬ ਮੰਗਣ ਕਿਉਂਕਿ ਉਹ ਮੋਦੀ ਸਰਕਾਰ ਦੀ ਵਜ਼ੀਰੀ ਭੋਗ ਰਹੇ ਹਨ।