ਵਾਸ਼ਿੰਗਟਨ- ਬੀਤੇ 136 ਸਾਲਾਂ ਵਿੱਚ ਜਦੋਂ ਤੋਂ ਮੌਸਮ ਦੀ ਜਾਣਕਾਰੀ ਦਾ ਰਿਕਾਰਡ ਆਧੁਨਿਕ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ, ਉਦੋਂ ਤੋਂ ਅਗਸਤ 2016 ਸਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਹ ਜਾਣਕਾਰੀ ਦਿੱਤੀ ਹੈ।



ਨਾਸਾ ਨੇ ਦੱਸਿਆ ਕਿ ਅਗਸਤ 2016 ਦੀ ਇਹ ਗਰਮੀ ਪਿਛਲੇ 11 ਮਹੀਨਿਆਂ ਤੋਂ ਚਲੀ ਆ ਰਹੀ ਹੈ, ਯਾਨੀ ਬੀਤੇ ਸਾਲ ਅਕਤੂਬਰ ਮਹੀਨੇ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਤਾਪਮਾਨ ਸਬੰਧੀ ਚੱਕਰ ਵਿੱਚ ਆਮ ਤੌਰ ‘ਤੇ ਜੁਲਾਈ ਵਿੱਚ ਸਭ ਤੋਂ ਵੱਧ ਗਰਮੀ ਦਰਜ ਕੀਤੀ ਜਾਂਦੀ ਹੈ, ਪਰ ਇਸ ਵਾਰ ਜੁਲਾਈ ਦੇ ਨਾਲ-ਨਾਲ ਅਗਸਤ ਮਹੀਨਾ ਵੀ ਸਭ ਤੋਂ ਗਰਮ ਰਿਹਾ।



ਨਾਸਾ ਦੇ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ (ਜੀ ਆਈ ਐੱਸ ਐੱਸ) ਨੇ ਸੰਸਾਰਕ ਤਾਪਮਾਨ ਦਾ ਮਹੀਨਾਵਾਰ ਵਿਸ਼ਲੇਸ਼ਣ ਕੀਤਾ ਅਤੇ ਦੱਸਿਆ ਕਿ ਅਗਸਤ 2014 ਦੀ ਤੁਲਨਾ ਵਿੱਚ ਅਗਸਤ 2016 ਦਾ ਤਾਪਮਾਨ 0.16 ਡਿਗਰੀ ਸੈਲਸੀਅਸ ਵੱਧ ਸੀ। ਪਿਛਲਾ ਮਹੀਨਾ ਸਾਲ 1951 ਤੋਂ 1980 ਵਿਚਕਾਰ ਰਹੇ ਅਗਸਤ ਦੇ ਤਾਪਮਾਨ ਤੋਂ 0.98 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।