ਜ਼ਿਕਰਯੋਗ ਹੈ ਕਿ ਪੰਜਾਬ 'ਚ ਪਹਿਲਾਂ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਨਾਲ ਲੱਗਦੀਆਂ ਕਾਲੋਨੀਆਂ 'ਚ ਸ਼ਹਿਰੀ ਬਿਜਲੀ ਸਪਲਾਈ 'ਚੋਂ ਹੀ
ਟਿਊਬਵੈੱਲਾਂ ਨੂੰ ਕੁਨੈਕਸ਼ਨ ਦਿੱਤੇ ਗਏ ਸਨ। ਪਾਵਰਕਾਮ ਨੇ ਸ਼ਹਿਰੀ ਫੀਡਰਾਂ ਦੀ ਸਪਲਾਈ 'ਤੇ ਨਿਰਭਰ ਟਿਊਬਵੈੱਲਾਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ 'ਚ ਮੁੱਖ ਇੰਜੀਨੀਅਰ (ਵਪਾਰਕ) ਅਤੇ ਮੁੱਖ ਇੰਜੀਨੀਅਰ (ਵੰਡ) ਆਧਾਰਿਤ 2 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ। ਜੇਕਰ ਸ਼ਹਿਰੀ ਫੀਡਰਾਂ ਨਾਲ ਸੰਬੰਧਿਤ ਟਿਊਬਵੈੱਲਾਂ ਨੂੰ ਪੇਂਡੂ ਫੀਡਰ ਤੋਂ ਸਪਲਾਈ ਦੇਣੀ ਸੰਭਵ ਨਾ ਹੁੰਦੀ ਲੱਗੀ ਤਾਂ ਇਸ ਕਮੇਟੀ ਦੀ ਰਿਪੋਰਟ 'ਤੇ ਅਗਲਾ ਫ਼ੈਸਲਾ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ 'ਚ 24 ਘੰਟੇ ਬਿਜਲੀ ਸਪਲਾਈ ਦੌਰਾਨ ਬਹੁਤ ਸਾਰੇ ਟਿਊਬਵੈੱਲ ਸ਼ਹਿਰੀ ਫੀਡਰਾਂ ਨਾਲ ਹੀ ਜੁੜੇ ਰਹਿ ਗਏ ਸਨ। ਇਨ੍ਹਾਂ ਟਿਊਬਵੈੱਲਾਂ ਦੇ ਲੋਡ ਕਾਰਨ ਸ਼ਹਿਰੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ। ਪਾਵਰਕਾਮ ਦੇ ਪ੍ਰਬੰਧਕ ਨਿਰਦੇਸ਼ਕ (ਵਪਾਰਕ) ਸੁਰਿੰਦਰ ਪਾਲ ਨੇ ਕਿਹਾ ਕਿ ਸ਼ਹਿਰੀ ਫੀਡਰਾਂ ਤੋਂ ਖੇਤੀ ਵਾਲੇ ਟਿਊਬਵੈੱਲਾਂ ਨੂੰ ਵੱਖ ਕਰਨ ਨਾਲ ਬਿਜਲੀ ਸਪਲਾਈ ਹੋਰ ਵਧੀਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਵੇਂ ਟਿਊਬਵੈੱਲਾਂ ਦੀ ਸਪਲਾਈ ਕਿਸੇ ਵੀ ਹਾਲਤ 'ਚ ਸ਼ਹਿਰੀ ਫੀਡਰਾਂ ਤੋਂ ਨਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਹੁਣ ਤਕ ਲਗਭਗ 70 ਹਜ਼ਾਰ ਨਵੇਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।