ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਗੋਹਰਾ ਦੇ ਸਤਪਾਲ ਮਜ਼ਦੂਰੀ ਕਰਦੇ ਸਨ। ਕਦੇ ਕਿਸੇ ਨਾਲ ਖੇਤਾਂ ‘ਚ ਜਾ ਕੇ ਕੰਮ ਕਰ ਲਿਆ ਤੇ ਕਦੇ ਲੱਕੜਾਂ ਵੱਢ ਕੇ ਸ਼ਹਿਰ ਵੇਚ ਆਉਣੀਆਂ। ਉਸ ਕੋਲ ਇਹੋ ਰੁਜ਼ਗਾਰ ਸੀ ਪਰ ਉਸ ਨੇ ਇਸ ਤਰੀਕੇ ਨੂੰ ਬਦਲ ਲੈਣ ਦਾ ਫ਼ੈਸਲਾ ਕਰ ਲਿਆ। ਸਾਲ 1996 ਵਿੱਚ ਉਨ੍ਹਾਂ ਨੇ ਸ਼ਹਿਦ ਦੀ ਮੱਖੀ ਪਾਲਨ ਦਾ ਕੰਮ ਸ਼ੁਰੂ ਕੀਤਾ।
ਉਨ੍ਹਾਂ ਨੇ ਪੰਜ ਡੱਬੇ ਲੈ ਕੇ ਕੰਮ ਸ਼ੁਰੂ ਕੀਤਾ। ਆਪਣੀ ਜ਼ਮੀਨ ਵੀ ਨਹੀਂ ਸੀ। ਇਸ ਕਰਕੇ ਹੋਰ ਲੋਕਾਂ ਦੇ ਖੇਤਾਂ ਦੇ ਡੋਲਿਆਂ ‘ਤੇ ਡੱਬੇ ਰੱਖ ਕੇ ਕੰਮ ਸ਼ੁਰੂ ਕੀਤਾ। ਇੱਕ-ਅੱਧੀ ਵਾਰ ਮੱਖੀਆਂ ਨੇ ਵੱਢ ਵੀ ਲਿਆ ਪਰ ਹੌਸਲਾ ਕਰਕੇ ਕੰਮ ‘ਚ ਲੱਗਾ ਰਿਹਾ। ਸਤਪਾਲ ਨੇ ਦੱਸਿਆ-"ਮੈਂ ਤੇ ਪਿੰਡ ‘ਚ ਹੀ ਇੱਕ ਹੋਰ ਗੁਆਂਢੀ ਨੇ ਇਹ ਕੰਮ ਸਿੱਖਿਆ ਸੀ। ਕੈਥਲ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਕੰਮ ਲਈ ਮਦਦ ਕੀਤੀ। ਅੱਜ ਪਿੰਡ ਦਾ ਹਰ ਨਿਵਾਸੀ ਸ਼ਹਿਦ ਦੀ ਪੈਦਾਵਾਰ ਕਰਦਾ ਹੈ ਤੇ ਤਰੱਕੀ ਕਰ ਰਿਹਾ ਹੈ।"
ਸਤਪਾਲ ਨੇ ਪਿੰਡ ਦੇ ਹੋਰ ਲੋਕਾਂ ਦੀ ਵੀ ਮਦਦ ਕੀਤੀ ਤੇ ਉਨ੍ਹਾਂ ਨੂੰ ਇਸ ਕੰਮ ‘ਤੇ ਲਾਇਆ। ਵੀਹ ਸਾਲ ਪਹਿਲਾਂ ਇਕੱਲਿਆਂ ਹੀ ਸ਼ੁਰੂ ਕੀਤੇ ਇਸ ਕੰਮ ‘ਚ ਉਨ੍ਹਾਂ ਨੇ ਇੱਕ ਸੌ ਲੋਕਾਂ ਨੂੰ ਰੁਜ਼ਗਾਰ ਦੇ ਰੱਖਿਆ ਹੈ। ਮਾਤਰ ਪੰਜ ਡੱਬੇ ਲੈ ਕੇ ਸ਼ੁਰੂ ਕੀਤੇ ਕੰਮ ਨਾਲ ਅੱਜ ਉਨ੍ਹਾਂ ਕੋਲ ਦਸ ਹਜ਼ਾਰ ਡੱਬੇ ਹਨ। ਇਸ ਕੰਮ ਨਾਲ ਉਨ੍ਹਾਂ ਨੂੰ ਹਰ ਮਹੀਨੇ 10 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਸਤਪਾਲ ਤੋਂ ਪ੍ਰੇਰਨਾ ਲੈ ਕੇ ਤੇ ਕੰਮ ਸਿੱਖ ਕੇ ਅੱਜ ਪਿੰਡ ਦਾ ਹਰ ਨਿਵਾਸੀ ਸ਼ਹਿਦ ਦੀ ਮੱਖੀ ਪਾਲਨ ਦਾ ਕੰਮ ਕਰ ਰਿਹਾ ਹੈ। ਪਿੰਡ ਦੇ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਰਕਬਾ ਹੁੰਦਿਆਂ ਵੀ ਖੇਤੀਬਾੜੀ ਛੱਡ ਕੇ ਸ਼ਹਿਦ ਮੱਖੀ ਪਾਲਨ ਦਾ ਕੰਮ ਅਪਣਾ ਲਿਆ ਹੈ।
ਇਸ ਪਿੰਡ ਦੇ ਹੀ ਇਸ਼ਾਨ ਸਿੰਘ ਦੱਸਦੇ ਹਨ-"ਮੇਰੇ ਕੋਲ ਸ਼ਹਿਦ ਦੀ ਮੱਖੀ ਪਾਲਨ ਦੇ ਇੱਕ ਸੌ ਡੱਬੇ ਹਨ। ਮੈਂ ਇਨ੍ਹਾਂ ਦੀ ਆਮਦਨ ਤੋਂ ਆਪਣੀਆਂ ਦੋ ਧੀਆਂ ਨੂੰ ਨਰਸਿੰਗ ਦਾ ਕੋਰਸ ਕਰਾਇਆ। ਉਹ ਹੁਣ ਸਰਕਾਰੀ ਨੌਕਰੀ ‘ਚ ਹਨ। ਇੱਕ ਮੁੰਡਾ ਐਮਸੀਏ ਕਰ ਰਿਹਾ ਹੈ ਤੇ ਦੂਜਾ ਸੀਏ ਦੀ ਪੜ੍ਹਾਈ ਕਰ ਰਿਹਾ ਹੈ।" ਇਸ ਪਿੰਡ ਦੇ ਲੋਕਾਂ ਦੀ ਮਿਹਨਤ ਤੇ ਕਾਮਯਾਬੀ ਵੇਖਦਿਆਂ ਪਿੰਡ ਦੇ ਲੋਕਾਂ ਦੇ ਰਿਸ਼ਤੇਦਾਰ ਵੀ ਇੱਥੇ ਆ ਕੇ ਟਰੇਨਿੰਗ ਲੈਂਦੇ ਹਨ। ਉਨ੍ਹਾਂ ਨੇ ਆਪਣੇ-ਆਪਣੇ ਪਿੰਡਾਂ ‘ਚ ਜਾ ਕੇ ਇਹ ਕੰਮ ਸ਼ੁਰੂ ਕਰ ਲਿਆ ਹੈ।
ਪਿੰਡ ਦੇ ਹੀ ਇੱਕ ਹੋਰ ਕਿਸਾਨ ਨਰੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 145 ਡੱਬੇ ਹਨ। ਉਹ ਹਰ ਸਾਲ ਇਨ੍ਹਾਂ ਤੋਂ ਤਿੰਨ ਲੱਖ ਰੁਪਏ ਦਾ ਸ਼ਹਿਦ ਵੇਚਦੇ ਹਨ। ਉਨ੍ਹਾਂ ਨੇ ਆਪਣੀ ਧੀ ਨੂੰ ਵੀ ਇਹ ਕੰਮ ਸ਼ੁਰੂ ਕਰਨ ਲਈ ਇੱਕ ਸੌ ਡੱਬੇ ਤੋਹਫ਼ੇ ਦੇ ਤੌਰ 'ਤੇ ਦਿੱਤੇ ਹਨ। ਪਿੰਡ ਦੀ ਗ੍ਰਾਮ ਪ੍ਰਧਾਨ ਰੇਖਾ ਰਾਣੀ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਨੇ ਪਿੰਡ ਦੀ ਸੂਰਤ ਹੀ ਬਦਲ ਦਿੱਤੀ ਹੈ, ਜਿਨ੍ਹਾਂ ਕੋਲ ਕਦੇ ਸਾਈਕਲ ਵੀ ਨਹੀਂ ਸੀ ਹੁੰਦਾ, ਉਨ੍ਹਾਂ ਕੋਲ ਅੱਜ ਕਾਰਾਂ ਹਨ। ਇਹ ਪਿੰਡ ਦੀ ਤਰੱਕੀ ਦਾ ਸਬੂਤ ਹੈ।