ਮੈਲਬਾਰਨ: ਆਮ ਤੌਰ ਉੱਤੇ ਜਹਾਜ਼ਾਂ ਨੂੰ ਇੱਕ ਖ਼ਾਸ ਤਰ੍ਹਾਂ ਦੇ ਤੇਲ ਨਾਲ ਉਡਾਇਆ ਜਾਂਦਾ ਹੈ ਤੇ ਕੁਦਰਤੀ ਤੌਰ ਉੱਤੇ ਇਹ ਤੇਲ ਇੱਕ ਸੀਮਤ ਮਾਤਰਾ ਵਿੱਚ ਹੀ ਮਿਲਦਾ ਹੈ। ਇਸ ਦੀ ਸੀਮਤ ਮਾਤਰਾ ਵਿੱਚ ਪ੍ਰਾਪਤੀ ਆਉਂਦੇ ਸਮੇਂ ਵਿੱਚ ਹਵਾਬਾਜ਼ੀ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਹੁਣ ਛੇਤੀ ਇਸ ਸਮੱਸਿਆ ਦਾ ਹੱਲ ਵੀ ਨਿਕਲਣ ਵਾਲਾ ਦਿਖਾਈ ਦਿੰਦਾ ਹੈ।

ਹੁਣੇ ਜਿਹੇ ਕੀਤੇ ਗਏ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਖ਼ਾਸ ਕਿਸਮ ਦੇ ਰੁੱਖ ਵੀ ਜਹਾਜ਼ਾਂ ਲਈ ਤੇਲ ਦਾ ਉਤਪਾਦਨ ਕਰ ਸਕਦੇ ਹਨ। ਇਸ ਅਧਿਐਨ ਵਿੱਚ ਹੁਣ ਇਹ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਦੇ ਇਨ੍ਹਾਂ ਰੁੱਖਾਂ ਦੀ ਵਰਤੋਂ ਘੱਟ ਕਾਰਬਨ ਵਾਲੇ ਨਵਿਆਉਣਯੋਗ ਤੇਲ ਦੇ ਉਤਪਾਦਨ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਸੰਸਾਰ ਦੇ ਹਵਾਬਾਜ਼ੀ ਦੇ ਪੰਜ ਫ਼ੀਸਦੀ ਜੈੱਟ ਜਹਾਜ਼ਾਂ ਦੇ ਤੇਲ ਦਾ ਪ੍ਰਬੰਧ ਹੋ ਸਕਦਾ ਹੈ।

'ਦ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ' ਦੇ ਮੁੱਖ ਖੋਜਕਰਤਾ ਕਾਸਟਰਨ ਕੁਲਹੇਮ ਦਾ ਇਸ ਬਾਰੇ ਕਹਿਣਾ ਹੈ ਕਿ ਜੇ ਅਸੀਂ ਲੋਕ ਸੰਸਾਰ ਭਰ ਵਿੱਚ ਦੋ ਕਰੋੜ ਹੈਕਟੇਅਰ ਵਿੱਚ ਯੂਕਲਿਪਟਸ (ਸਫ਼ੈਦੇ ਦੇ ਰੁੱਖ) ਲਾਈਏ, ਜਿੰਨੇ ਵਰਤਮਾਨ ਸਮੇਂ ਵਿੱਚ ਕਾਗ਼ਜ਼ ਤੇ ਪਲਪ ਲਈ ਲਾਏ ਜਾਂਦੇ ਹਨ ਤਾਂ ਅਸੀਂ ਹਵਾਬਾਜ਼ੀ ਉਦਯੋਗ ਲਈ ਪੰਜ ਫ਼ੀਸਦੀ ਲੋੜੀਂਦਾ ਜੈੱਟ ਤੇਲ ਪੈਦਾ ਕਰ ਸਕਾਂਗੇ।’ ਇਸ ਖੋਜ ਦਾ ਪ੍ਰਕਾਸ਼ਨ ‘ਟਰੈਂਡਜ਼ ਈਨ ਬਾਇਓ ਟੈਕਨੌਲੋਜੀ’ ਹੋਇਆ ਹੈ।