ਚੰਡੀਗੜ੍ਹ: ਪੰਜਾਬ ਦੇ ਕਿਸਾਨ ਕੋਰੋਨਾਵਾਇਰਸ, ਕਰਫਿਊ ਅਤੇ ਦੇਸ਼ ਵਿਆਪੀ ਮੁਸ਼ਕਲਾਂ ਨਾਲ ਪਹਿਲਾਂ ਹੀ ਜੁਝ ਰਹੇ ਹਨ। ਐਸੇ ਹਲਾਤਾਂ 'ਚ ਮੌਸਮ ਦੇ ਵਿਗੜਦੇ ਮਿਜਾਜ਼ ਕਣਕ ਦੀ ਵਾਢੀ ਲਈ ਅੜਿਕਾ ਲਾ ਰਹੇ ਹਨ। ਕੱਲ ਰਾਤ ਹੋਈ ਬੇਮੌਸਮੀ ਬਰਸਾਤ ਅਤੇ ਕਈ ਥਾਂਵਾਂ ਤੇ ਗੜ੍ਹਮਾਰੀ ਨੇ ਕਣਕ ਦੀ ਫਸਲ ਨੂੰ ਖਰਾਬ ਕੀਤਾ ਹੈ। ਅੱਜ ਫਿਰ ਪੰਜਾਬ ਦੇ ਕਈ ਥਾਂਵਾ ਤੇ ਮੀਂਹ ਪੈ ਰਿਹਾ ਹੈ ਅਤੇ ਕਈ ਥਾਂਵਾ ਤੇ ਬਦਲਵਾਈ ਨਾਲ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ।
ਇਸੇ ਹਲਾਤਾਂ 'ਚ ਕਿਸਾਨਾਂ ਲਈ ਵਾਢੀ ਇਸ ਵਾਰ ਚੁਣੌਤੀਆਂ ਭਰੀ ਹੋ ਰਹੀ ਹੈ। ਕਈ ਥਾਵਾਂ ਤੇ ਕੰਬਾਈਨਾਂ ਫਸੀਆਂ ਹੋਈਆਂ ਹਨ। ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਇਸ ਵਾਰ ਲੋਕਲ ਕੰਬਾਈਨਾਂ ਨਾਲ ਹੀ ਕੰਮ ਚਲਾਉਣਾ ਪੈ ਰਿਹਾ ਹੈ। ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਕੰਬਾਈਨਾਂ ਦਾ ਆਉਣਾ ਜਾਣ ਮੁਸ਼ਕਲ ਹੋ ਰਿਹਾ ਹੈ। ਇਹਨਾਂ ਚੁਣੌਤੀ ਭਰੇ ਹਲਾਤਾਂ 'ਚ ਮੀਂਹ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ।