ਇਸ ਇਲਾਕੇ ਦੇ ਤਕਰੀਬਨ ਅੱਧਾ ਦਰਜਣ ਪਿੰਡ ਇਸ ਬੇਮੌਸਮੀ ਬਰਸਾਤ ਦਾ ਸ਼ਿਕਾਰ ਹੋਏ ਹਨ। ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਵਾਢੀ 'ਚ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕੱਲਾਂ ਆ ਰਹੀਆਂ ਸਨ। ਇੱਕ ਪਾਸੇ ਪਰਵਾਸੀ ਮਜ਼ਦੂਰਾਂ ਦੇ ਵਾਪਸ ਚੱਲੇ ਜਾਣਾ, ਕਈ ਥਾਂਵਾ ਤੇ ਕੰਬਾਈਨਾਂ ਦਾ ਫਸਿਆ ਹੋਣਾ ਕਿਸਾਨਾਂ ਲਈ ਪਹਿਲਾਂ ਹੀ ਮੁਸੀਬਤ ਬਣਿਆ ਹੋਇਆ ਸੀ। ਇਸੇ ਦੌਰਾਨ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਹੋਰ ਮੁਸ਼ਕਲ 'ਚ ਪਾ ਦਿੱਤਾ ਹੈ। ਇਸ ਤਰ੍ਹਾਂ ਕਿਸਾਨਾਂ ਲਈ ਵਾਢੀ ਕਰਨਾ ਅਤੇ ਫਸਲ ਨੂੰ ਮੰਡੀਆਂ ਤੱਕ ਪਹੁੰਚਾਉਣ ਹੋਰ ਚੁਣੌਤੀਪੂਰਨ ਬਣਾ ਦਿੱਤਾ ਹੈ।
ਮੌਕੇ ਉੱਤੇ ਪਹੁੰਚੇ ਐਸਡੀਐਮ ਮਲੋਟ ਗੋਪਾਲ ਸਿੰਘ ਨੇ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ।ਇਸ ਦੌਰਾਨ ਐਸਡੀਐਮ ਨੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਨੁਕਸਾਨੇ ਗਏ ਖੇਤਾਂ ਦਾ ਦੌਰਾ ਵੀ ਕੀਤਾ।
ਗੋਪਾਲ ਸਿੰਘ ਨੇ ਕਿਹਾ,
ਅੱਜ ਅਸੀਂ ਗੜੇਮਾਰੀ ਦੀ ਮਾਰ ਹੇਠ ਆਏ ਪਿੰਡਾਂ ਨਾਲ ਨੁਕਸਾਨੇ ਗਏ ਖੇਤਾਂ ਦਾ ਦੌਰਾ ਕਰ ਰਹੇ ਹਾਂ।ਇਸ ਸਾਰੇ ਨੁਕਸਾਨ ਦੀ ਰਿਪੋਰਟ ਬਣਾ ਕਿ ਡੀਸੀ ਸਾਹਿਬ ਦੇ ਰਾਹੀਂ ਸਰਕਾਰ ਨੂੰ ਭੇਜੀ ਜਾਵੇਗੀ। -
ਉਹਨਾਂ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਕਿਸੇ ਵੀ ਕਿਸਾਨ ਨੂੰ ਘਬਰਾਉਣ ਦੀ ਲੋੜ ਨਹੀਂ ਨਿਯਮ ਮੁਤਾਬਕ ਬਣਦੀ ਮਦਦ ਕੀਤੀ ਜਾਵੇਗੀ ਸਰਕਾਰ ਪੂਰਨ ਤੌਰ ਤੇ ਉਨ੍ਹਾਂ ਦੇ ਨਾਲ ਹੈ।
ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਾਂ ਝੋਨੇ ਦੀ ਫਸਲ ਦੇ ਨੁਕਸਾਨ ਤੋਂ ਹੀ ਨਹੀਂ ਉਬਰੇ ਸਨ ਅਤੇ ਬਰਸਾਤ ਨੇ 2000 ਏਕੜ ਦੀ 100 ਫੀਸਦ ਫਸਲ ਦਾ ਨੁਕਸਾਨ ਕਰ ਦਿੱਤਾ। ਉਨ੍ਹਾਂ ਸਰਕਾਰ ਤੋਂ ਲਾਗਾਤ ਅਨੁਸਾਰ ਮੁਆਵਜ਼ਾ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕੋਰੋਨਾਵਾਇਰਸ ਨੂੰ ਵੀ ਇਸ ਨੁਕਸਾਨ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ ਜੇ ਤਾਲਾਬੰਦੀ ਨਾ ਹੁੰਦੀ ਤਾਂ ਅਸੀਂ ਸਮੇਂ ਸਿਰ ਆਪਣੀ ਫਸਲ ਵੱਢ ਕਿ ਸਾਂਭ ਲੈਂਦੇ।