ਚੰਡੀਗੜ੍ਹ: ਦੇਸ਼ ਭਰ ਵਿੱਚ ਕਿਸਾਨੀ ਦੀ ਹੋ ਰਹੀ ਸਿਆਸਤ ਵਿੱਚ ਐਂਟਰੀ ਮਾਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਬਾਦਲ ਨੇ ਮੋਦੀ ਨੂੰ ਚਿੱਠੀ ਲਿਖ ਕੇ ਖੇਤੀ ਸੰਕਟ ਦੇ ਹੱਲ ਵਾਸਤੇ ਮੁਢਲੇ ਕਦਮਾਂ ਵਜੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਫ਼ਸਲਾਂ ਦੀ ਖ਼ਰੀਦ ਯਕੀਨੀ ਬਣਾਉਣ ਤੇ ਉਤਪਾਦਨ ਸਬਸਿਡੀ ਵਜੋਂ ਸਿੱਧੀ ਆਮਦਨ ਸਹਾਇਤਾ ਦੇਣ ਵਾਸਤੇ ਤੁਰੰਤ ਕੋਈ ਫ਼ੈਸਲਾ ਲੈਣ ਦੀ ਅਪੀਲ ਕੀਤੀ ਹੈ।
ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਬਾਦਲ ਨੇ ਕਿਹਾ ਕਿ ਹਾਲਾਂਕਿ ਕਿਸਾਨਾਂ ਦੀ ਮਦਦ ਲਈ ਕਰਜ਼ਾ ਮੁਆਫ਼ੀ ਲਾਜ਼ਮੀ ਹੈ, ਪਰ ਖੇਤੀਬਾੜੀ ਨੂੰ ਮੁਨਾਫੇਯੋਗ ਤੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਲਈ ਚਿਰ-ਸਥਾਈ ਉਪਰਾਲਿਆਂ ਦੀ ਲੋੜ ਹੈ। ਸਾਬਕਾ ਮੁੱਖ ਮੰਤਰੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਬਚਾਉਣ ਲਈ ਪ੍ਰਭਾਵਸ਼ਾਲੀ ਤੇ ਵਿਆਪਕ ਫ਼ਸਲੀ ਬੀਮਾ ਸਕੀਮ ਲਿਆਂਦੀ ਜਾਵੇ ਤੇ ਕੇਂਦਰ ਇਸ ਵਾਸਤੇ ਫੰਡ ਮੁਹੱਈਆ ਕਰਵਾਏ।
ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਸੌਖੇ ਤੇ ਲਚਕੀਲੇ ਫ਼ਸਲੀ ਕਰਜ਼ੇ ਵੱਧ ਤੋਂ ਵੱਧ 3 ਫ਼ੀਸਦੀ ਵਿਆਜ ਦਰ ਉੱਤੇ ਦਿੱਤੇ ਜਾਣ ਤੇ ਖੇਤੀਬਾੜੀ ਨਿਵੇਸ਼ ਕ੍ਰੈਡਿਟ 6 ਫ਼ੀਸਦੀ ਤੇ ਰਿਆਇਤੀ ਛੋਟ 4 ਫ਼ੀਸਦੀ ਦਿੱਤੀ ਜਾਵੇ। ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਤੇ ਝੋਨੇ ਦੀ ਤਰਜ਼ ਉੱਤੇ ਜਿਨ੍ਹਾਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਐਲਾਨਿਆ ਗਿਆ ਹੈ, ਉਨ੍ਹਾਂ ਦੀ ਖ਼ਰੀਦ ਲਈ ਢੁਕਵਾਂ ਮਾਰਕੀਟਿੰਗ ਢਾਂਚਾ ਵੀ ਮੁਹੱਈਆ ਕਰਾਇਆ ਜਾਵੇ।
ਯਾਦ ਰਹੇ ਕਾਂਗਰਸ ਵੱਲੋਂ ਆਪਣੀਆਂ ਸਰਕਾਰਾਂ ਵਾਲੇ ਚਾਰ ਸੂਬਿਆਂ ਵਿੱਚ ਕਿਸਾਨਾਂ ਦੇ ਕਰਜ਼ ਮਾਫੀ ਦੇ ਐਲਾਨ ਮਗਰੋਂ ਦੇਸ਼ ਭਰ ਵਿੱਚ ਕਿਸਾਨਾਂ ਦਾ ਮੁੱਦਾ ਛਾਇਆ ਹੋਇਆ ਹੈ। ਕੇਂਦਰ ਸਰਕਾਰ ਵੀ ਜਲਦ ਹੀ ਕਿਸਾਨਾਂ ਬਾਰੇ ਵੱਡਾ ਐਲਾਨ ਕਰਨ ਬਾਰੇ ਯੋਜਨਾ ਬਣਾ ਰਹੀ ਹੈ। ਅਜਿਹੇ ਵਿੱਚ ਬਾਲ ਨੇ ਵੀ ਪੰਜਾਬ ਦੀ ਕਿਸਾਨੀ ਦਾ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਇਆ ਹੈ।