ਬਰਨਾਲਾ: ਸ਼ਹਿਰ ਦੇ ਨੇੜੇ ਸਥਿਤ ਕੋਠੇ ਸੁਰਜੀਪੁਰਾ ਦੇ ਕਰਜ਼ਈ ਕਿਸਾਨ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਇਹ ਕਿਸਾਨ ਵੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਰਜ਼ ਮੁਕਤੀ ਸਕੀਮ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ, ਪਰ ਉਸ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ।
ਮ੍ਰਿਤਕ ਕਿਸਾਨ ਦੇ ਭਰਾ ਵਕੀਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਸਿਰ 12 ਲੱਖ ਰੁਪਏ ਦਾ ਕਰਜ਼ਾ ਸੀ। ਗੁਰਦੀਪ ਸਿੰਘ ਢਾਈ ਤੋਂ ਤਿੰਨ ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ, ਜਿਸ ਵਿੱਚੋਂ ਸਿਰਫ਼ ਡੇਢ ਏਕੜ ਜ਼ਮੀਨ ਹੀ ਉਸ ਦੀ ਆਪਣੀ ਸੀ, ਬਾਕੀ ਠੇਕੇ 'ਤੇ ਲੈ ਕੇ ਖੇਤੀਬਾੜੀ ਕਰਦਾ ਸੀ। ਮ੍ਰਿਤਕ ਕਿਸਾਨ ਪਸ਼ੂ ਪਾਲਨ ਨੂੰ ਖੇਤੀ ਸਹਾਇਕ ਧੰਦੇ ਵਜੋਂ ਕਰਦਾ ਸੀ, ਪਰ ਇਸ ਕੰਮ ਵਿੱਚ ਉਸ ਦਾ ਕਾਫੀ ਨੁਕਸਾਨ ਹੋ ਗਿਆ। ਸਿੱਟੇ ਵਜੋਂ ਉਹ ਕਰਜ਼ਈ ਹੋ ਗਿਆ।
ਇਸ ਵਾਰ ਗੁਰਦੀਪ ਦੀ ਝੋਨੇ ਦੀ ਫ਼ਸਲ ਦਾ ਝਾੜ ਘੱਟ ਰਹਿ ਗਿਆ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਹੋ ਗਿਆ। ਖ਼ੁਦ ਨੂੰ ਕਰਜ਼ ਵਾਪਸ ਕਰਨ ਤੋਂ ਅਸਮਰੱਥ ਹੁੰਦਾ ਦੇਖ ਸ਼ੁੱਕਰਵਾਰ ਸਵੇਰ ਕਿਸਾਨ ਗੁਰਦੀਪ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।